ਕਿਸਾਨ ਅੰਦੋਲਨ ‘ਤੇ ਭਾਰਤੀ ਕ੍ਰਿਕਟਰਾਂ ਨੇ ਵੀ ਪੂਰਿਆ ਸਰਕਾਰ ਦਾ ਪੱਖ, ਵਿਰਾਟ ਨੇ ਵੀ ਕੀਤਾ ਟਵੀਟ
ਵਿਰਾਟ ਕੋਹਲੀ ਨੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਕੀਤੀ ਅਪੀਲ
ਨਵੀਂ ਦਿੱਲੀ: ਕਿਸਾਨੀ ਮੁੱਦੇ ‘ਤੇ ਮਸ਼ਹੂਰ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਕਈ ਕੌਮਾਂਤਰੀ ਹਸਤੀਆਂ ਨੇ ਆਵਾਜ਼ ਚੁੱਕੀ। ਇਸ ਦੌਰਾਨ ਭਾਰਤ ਦੀਆਂ ਕਈ ਮਸ਼ਹੂਰ ਹਸਤੀਆਂ ਵੱਲੋਂ ਵੀ ਟਵੀਟ ਕੀਤੇ ਗਏ। ਬਾਲੀਵੁੱਡ ਜਗਤ ਤੋਂ ਇਲਾਵਾ ਖੇਡ ਜਗਤ ਨਾਲ ਜੁੜੇ ਲੋਕਾਂ ਨੇ ਵੀ ਇਸ ਮੁੱਦੇ ‘ਤੇ ਸਰਕਾਰ ਦਾ ਪੱਖ ਪੂਰਿਆ।
ਹੁਣ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ। ਵਿਰਾਟ ਨੇ ਟਵੀਟ ਕੀਤਾ, ‘ਅਸਹਿਮਤੀ ਦੇ ਇਸ ਵਕਤ ਵਿਚ ਵੀ ਇਕਜੁੱਟ ਰਹੀਏ। ਕਿਸਾਨ ਸਾਡੇ ਦੇਸ਼ ਦਾ ਅਨਿੱਖੜਵਾਂ ਅੰਗ ਹਨ ਅਤੇ ਮੈਨੂੰ ਯਕੀਨ ਹੈ ਕਿ ਸਾਰੀਆਂ ਧਿਰਾਂ ਵਿਚਕਾਰ ਇਕ ਸੁਖਾਵਾਂ ਹੱਲ ਕੱਢਿਆ ਜਾਵੇਗਾ ਤਾਂ ਜੋ ਸ਼ਾਂਤੀ ਬਣੀ ਰਹੇ ਅਤੇ ਸਾਰੇ ਮਿਲ ਕੇ ਅੱਗੇ ਵਧ ਸਕਣ’।
ਵਿਰਾਟ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਵੀ ਟਵੀਟ ਕੀਤਾ। ਉਹਨਾਂ ਲਿਖਿਆ, ‘ਜੇਕਰ ਅਸੀਂ ਸਾਰੇ ਇਕਜੁੱਟ ਰਹੀਏ ਤਾਂ ਕੋਈ ਵੀ ਅਜਿਹੀ ਸਮੱਸਿਆ ਨਹੀਂ, ਜਿਸ ਦਾ ਹੱਲ਼ ਨਹੀਂ ਕੱਢਿਆ ਜਾ ਸਕਦਾ। ਆਓ ਇਕਜੁੱਟ ਰਹੀਏ ਅਤੇ ਸਾਡੇ ਅੰਦਰੂਨੀ ਮੁੱਦਿਆਂ ਨੂੰ ਹੱਲ਼ ਕਰਨ ਦੀ ਦਿਸ਼ਾ ਵਿਚ ਕੰਮ ਕਰੀਏ’।
ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕੀਤਾ। ਉਹਨਾਂ ਲਿਖਿਆ ਕਿ ਭਾਰਤ ਦੀ ਪ੍ਰਭੂਸੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਾਹਰੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ। ਪਰ ਭਾਗੀਦਾਰ ਨਹੀਂ। ਭਾਰਤੀ ਲੋਕ ਭਾਰਤ ਨੂੰ ਜਾਣਦੇ ਹਨ ਅਤੇ ਉਹਨਾਂ ਨੂੰ ਹੀ ਭਾਰਤ ਲਈ ਫ਼ੈਸਲਾ ਲੈਣਾ ਚਾਹੀਦਾ ਹੈ। ਆਓ ਇਕ ਰਾਸ਼ਟਰ ਦੇ ਰੂਪ ਵਿਚ ਇਕਜੁੱਟ ਰਹੀਏ।
ਇਹਨਾਂ ਤੋਂ ਇਲ਼ਾਵਾ ਕ੍ਰਿਕਟਰ ਪ੍ਰਗਿਆਨ ਓਝਾ ਨੇ ਵੀ ਟਵੀਟ ਜ਼ਰੀਏ ਅਪਣੇ ਰਾਇ ਦਿੱਤੀ। ਉਹਨਾਂ ਕਿਹਾ, ‘ ਮੇਰਾ ਦੇਸ਼ ਨੂੰ ਸਾਡੇ ਕਿਸਾਨਾਂ ‘ਤੇ ਮਾਣ ਹੈ ਅਤੇ ਜਾਣਦਾ ਹੈ ਕਿ ਉਹ ਕਿੰਨੇ ਜ਼ਰੂਰੀ ਹਨ। ਮੈਨੂੰ ਯਕੀਨ ਹੈ ਕਿ ਇਸ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਸਾਨੂੰ ਸਾਡੇ ਅੰਦਰੂਨੀ ਮਾਮਲਿਆਂ ਵਿਚ ਕਿਸੇ ਬਾਹਰੀ ਵਿਅਕਤੀ ਦਾਖਲ ਨਹੀਂ ਹੋਣ ਦੇਣਾ ਚਾਹੀਦਾ’।