ਚੇਨਈ ਸੁਪਰ ਕਿੰਗਜ਼ ਨੂੰ ਝਟਕਾ! ਸੁਰੇਸ਼ ਰੈਨਾ ਤੋਂ ਬਾਅਦ ਹਰਭਜਨ ਸਿੰਘ ਨੇ IPL ਨੂੰ ਕਿਹਾ ਅਲਵਿਦਾ

ਏਜੰਸੀ

ਖ਼ਬਰਾਂ, ਖੇਡਾਂ

ਯੂਏਈ ਪਹੁੰਚਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ।

Harbhajan Singh

ਨਵੀਂ ਦਿੱਲੀ: ਯੂਏਈ ਪਹੁੰਚਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ। ਦਰਅਸਲ ਟੀਮ ਦੇ ਖਿਡਾਰੀ ਆਫ ਸਪਿਨਰ ਹਰਭਜਨ ਸਿੰਘ ਕੁਝ ਦਿਨ ਬਾਅਦ ਸ਼ੁਰੂ ਹੋਣ ਜਾ ਰਹੇ ਆਈਪੀਐਲ ਦੇ ਮੈਚ ਤੋਂ ਬਾਹਰ ਹੋ ਗਏ ਹਨ। ਹਰਭਜਨ ਸਿੰਘ ਨੇ ਅੱਜ ਹੀ ਇਸ ਦੀ ਸੂਚਨਾ ਸੀਐਸਕੇ ਮੈਨੇਜਮੈਂਟ ਨੂੰ ਦਿੱਤੀ ਹੈ।

ਦੱਸ ਦਈਏ ਕਿ ਯੂਏਈ ਪਹੁੰਚਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਟੀਮ ਦੇ ਦੋ ਖਿਡਾਰੀਆਂ ਸਮੇਤ ਸਟਾਫ ਨੂੰ ਮਿਲਾ ਕੇ ਕੁੱਲ 13 ਮੈਂਬਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਸੀ। ਉਸ ਤੋਂ ਬਾਅਦ ਸੁਰੇਸ਼ ਰੈਨਾ ਵੀ ਮੈਚ ਨੂੰ ਛੱਡ ਕੇ ਭਾਰਤ ਪਰਤ ਆਏ। ਹੁਣ ਹਰਭਜਨ ਸਿੰਘ ਦਾ ਮੈਚ ਤੋਂ ਬਾਹਰ ਹੋਣਾ ਟੀਮ ਨੂੰ ਕਿਸੇ ਵੱਡੇ ਨੁਕਸਾਨ ਤੋਂ ਘੱਟ ਨਹੀਂ ਹੈ।

ਹਰਭਜਨ ਸਿੰਘ ਨੂੰ ਲੈ ਕੇ ਸ਼ੁਰੂ ਤੋਂ ਹੀ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੀ ਕਿਉਂਕਿ ਉਹ ਟੀਮ ਦੇ ਬਾਕੀ ਖਿਡਾਰੀਆਂ ਨਾਲ ਯੂਏਈ ਨਹੀਂ ਗਏ। ਉਹ ਦੇਰੀ ਨਾਲ ਯੂਏਈ ਪਹੁੰਚੇ। ਇਸ ਦੌਰਾਨ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਭੱਜੀ ਟੂਰਨਾਮੈਂਟ ਨੂੰ ਛੱਡ ਸਕਦੇ ਹਨ। ਭੱਜੀ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਪਿੱਛੇ ‘ਨਿੱਜੀ ਕਾਰਨਾਂ’ ਦਾ ਹਵਾਲਾ ਦਿੱਤਾ ਹੈ।

ਸੀਐਸਕੇ ਮੈਨੇਜਮੈਂਟ ਪਹਿਲਾਂ ਤੋਂ ਹੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸੀ ਕਿ ਟੀਮ ਵਿਚ ਸੁਰੇਸ਼ ਰੈਨਾ ਦੇ ਵਿਕਲਪ ਵਜੋਂ ਕਿਸ ਨੂੰ ਚੁਣਿਆ ਜਾਵੇ ਪਰ ਇਸ ਦੇ ਹੱਲ ਤੋਂ ਪਹਿਲਾਂ ਹੀ ਟੀਮ ਲਈ ਇਕ ਹੋਰ ਮੁਸ਼ਕਿਲ ਪੈਦਾ ਹੋ ਗਈ ਹੈ।