ਫੈਡਰਰ ਨੂੰ ਹਰਾ ਜੋਕੋਵਿਚ ਪਹੁੰਚੇ ਪੈਰਿਸ ਮਾਸਟਰਸ ਦੇ ਫਾਈਨਲ ‘ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਰਬਿਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਪੂਰੇ ਸੰਘਰਸ਼ ਨਾਲ ਸੈਮੀਫਾਈਨਲ ਵਿਚ ਰੋਜ਼ਰ ਫੈਡਰਰ ਨੂੰ ਹਰਾ ਕੇ ਪੈਰਿਸ...

Djokovic enters in paris master's final

ਪੈਰਿਸ (ਭਾਸ਼ਾ) : ਸਰਬਿਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਪੂਰੇ ਸੰਘਰਸ਼ ਨਾਲ ਸੈਮੀਫਾਈਨਲ ਵਿਚ ਰੋਜ਼ਰ ਫੈਡਰਰ ਨੂੰ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਐਂਟਰੀ ਕਰ ਲਈ ਹੈ। ਹੁਣ ਉਨ੍ਹਾਂ ਦਾ ਮੁਕਾਬਲਾ ਰੂਸ ਦੇ ਕਾਰੇਨ ਖਾਚਾਨੋਵ ਨਾਲ ਹੋਵੇਗਾ। ਜੋਕੋਵਿਚ ਨੇ ਸੈਮੀਫਾਈਨਲ ਵਿਚ ਫੈਡਰਰ ਨੂੰ ਤਿੰਨ ਘੰਟੇ ਦੇ ਸੰਘਰਸ਼ ਤੋਂ ਬਾਅਦ 7-6 (6), 5-7, 7-6 (3) ਨਾਲ ਮਾਤ ਦਿਤੀ।

ਉਹ ਹੁਣ ਇਸ ਟੂਰਨਾਮੈਂਟ ਵਿਚ ਅਪਣੇ ਪੰਜਵੇਂ ਖਿਤਾਬ ਤੋਂ ਇਕ ਕਦਮ ਦੂਰ ਹਨ। ਜੋਕੋਵਿਚ ਜੇਕਰ ਖਿਤਾਬ ਜਿੱਤਣ ਵਿਚ ਸਫ਼ਲ ਰਹਿੰਦੇ ਹਨ ਤਾਂ ਰਾਫੇਲ ਨਡਾਲ ਦੇ 33 ਮਾਸਟਰਸ ਖਿਤਾਬ ਦੀ ਬਰਾਬਰੀ ਵੀ ਕਰ ਲੈਣਗੇ। ਏਟੀਪੀ ਦੀ ਸੋਮਵਾਰ ਨੂੰ ਜਦੋਂ ਨਵੀਂ ਵਿਸ਼ਵ ਰੈਂਕਿੰਗ ਜਾਰੀ ਹੋਵੇਗੀ ਤਾਂ ਜੋਕੋਵਿਚ ਸੱਟਾਂ ਨਾਲ ਜੂਝ ਰਹੇ ਨਡਾਲ ਦੀ ਜਗ੍ਹਾ ਨੰਬਰ ਇਕ ਖਿਡਾਰੀ ਬਣ ਜਾਣਗੇ। ਜੋਕੋਵਿਚ ਨੇ ਫੈਡਰਰ ਦੇ ਖਿਲਾਫ ਅਪਣਾ ਰਿਕਾਰਡ ਹੁਣ 25-22 ਕਰ ਦਿਤਾ ਹੈ।

ਉਨ੍ਹਾਂ ਨੇ 2015 ਤੋਂ ਸਵਿਸ ਖਿਡਾਰੀ ਤੋਂ ਕੋਈ ਮੈਚ ਨਹੀਂ ਗਵਾਇਆ ਹੈ। ਇਸ ਹਾਰ ਤੋਂ ਫੈਡਰਰ ਦਾ 100ਵਾਂ ਖਿਤਾਬ ਜਿੱਤਣ ਦਾ ਇੰਤਜ਼ਾਰ ਵੀ ਵੱਧ ਗਿਆ ਹੈ। ਮੈਚ ਤੋਂ ਬਾਅਦ ਇਕ ਬਿਆਨ ਵਿਚ ਜੋਕੋਵਿਚ ਨੇ ਕਿਹਾ, ਸਾਡਾ ਮੈਚ ਸ਼ਾਨਦਾਰ ਰਿਹਾ। ਸਾਡੇ ਕਈ ਮੈਚ ਚੰਗੇ ਰਹੇ ਹਨ ਪਰ ਇਹ ਮੈਚ ਹੁਣ ਤੱਕ ਦਾ ਸਭ ਤੋਂ ਚੰਗਾ ਮੈਚ ਮੰਨਿਆ ਜਾਵੇਗਾ। ਜਦੋਂ ਮੇਰਾ ਸਾਹਮਣਾ ਫੈਡਰਰ ਨਾਲ ਹੁੰਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਮੈਨੂੰ ਜਿੱਤ ਲਈ ਵਧੀਆ ਪ੍ਰਦਰਸ਼ਨ ਕਰਨਾ ਹੁੰਦਾ ਹੈ।

ਇਸ ਲਈ ਸਾਡੇ ਦੋਵਾਂ ਦੇ ਵਿਚ ਮੁਕਾਬਲੇ ਅਤੇ ਮੈਚ ਚੰਗੇ ਹੁੰਦੇ ਹਨ। ਇਸ ਤੋਂ ਪਹਿਲਾਂ 22 ਸਾਲ ਦੇ ਖਾਚਾਨੋਵ ਨੇ ਆਸਟਰੀਆ ਦੀ ਛੇਵੀਂ ਪ੍ਰਮੁੱਖਤਾ ਪ੍ਰਾਪਤ ਡੋਮਿਨਿਕ ਥਿਏਮ ਨੂੰ 6-4, 6-1 ਨਾਲ ਹਰਾ ਕੇ ਪਹਿਲੀ ਵਾਰ ਮਾਸਟਰਸ ਟੂਰਨਾਮੈਂਟ ਦੇ ਫਾਈਨਲ ਵਿਚ ਐਂਟਰੀ ਕੀਤੀ।