IPL 2024: ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ 3 ਵਿਕਟਾਂ ਨਾਲ ਹਰਾਇਆ; ਸ਼ਸ਼ਾਂਕ ਸਿੰਘ ਨੇ ਖੇਡੀ 61 ਦੌੜਾਂ ਦੀ ਅਜੇਤੂ ਪਾਰੀ

ਏਜੰਸੀ

ਖ਼ਬਰਾਂ, ਖੇਡਾਂ

ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ 48 ਗੇਂਦਾਂ 'ਤੇ ਬਣਾਈਆਂ 89 ਦੌੜਾਂ

Punjab Kings win by 3 wickets against Gujarat Titans

IPL 2024: ਸ਼ਸ਼ਾਂਕ ਸਿੰਘ ਦੇ ਅਜੇਤੂ ਅਰਧ ਸੈਂਕੜੇ ਦੀ ਮਦਦ ਨਾਲ ਪੰਜਾਬ ਕਿੰਗਜ਼ ਨੇ ਵੀਰਵਾਰ ਨੂੰ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਬਹੁਤ ਹੀ ਰੋਮਾਂਚਕ ਮੈਚ ਵਿਚ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿਤਾ।

ਵੀਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ 'ਚ 4 ਵਿਕਟਾਂ 'ਤੇ 199 ਦੌੜਾਂ ਬਣਾਈਆਂ। ਜਵਾਬ 'ਚ ਪੰਜਾਬ ਨੇ 19.5 ਓਵਰਾਂ 'ਚ 7 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ। ਸ਼ਸ਼ਾਂਕ ਸਿੰਘ ਨੇ 29 ਗੇਂਦਾਂ 'ਤੇ 61 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ ਆਈਪੀਐਲ ਵਿਚ ਅਪਣਾ ਪਹਿਲਾ ਅਰਧ ਸੈਂਕੜਾ ਲਗਾਇਆ ਹੈ। ਆਸ਼ੂਤੋਸ਼ ਸ਼ਰਮਾ ਨੇ 17 ਗੇਂਦਾਂ 'ਤੇ 31 ਦੌੜਾਂ ਬਣਾਈਆਂ। ਨੂਰ ਅਹਿਮਦ ਨੇ ਦੋ ਵਿਕਟਾਂ ਹਾਸਲ ਕੀਤੀਆਂ।

ਟਾਈਟਨਜ਼ ਦੇ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਟੀਮ ਨੂਰ ਅਹਿਮਦ (32 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 13ਵੇਂ ਓਵਰ 'ਚ 111 ਦੌੜਾਂ 'ਤੇ ਪੰਜ ਵਿਕਟਾਂ ਗੁਆ ਕੇ ਮੁਸ਼ਕਲਾਂ 'ਚ ਘਿਰ ਗਈ ਸੀ ਪਰ ਸ਼ਸ਼ਾਂਕ ਨੇ 29 ਗੇਂਦਾਂ ਵਿਚ 6 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਇਕ ਗੇਂਦ ਬਾਕੀ ਰਹਿੰਦੇ ਸੱਤ ਵਿਕਟਾਂ ’ਤੇ 200 ਦੌੜਾਂ ਦੇ ਜੇਤੂ ਸਕੋਰ ਤਕ ਪਹੁੰਚਾਇਆ।

ਸ਼ਸ਼ਾਂਕ ਨੇ ਪੰਜਾਬ ਲਈ ਜਿਤੇਸ਼ ਸ਼ਰਮਾ (ਅੱਠ ਗੇਂਦਾਂ ਵਿਚ ਦੋ ਛੱਕਿਆਂ ਦੀ ਮਦਦ ਨਾਲ 16 ਦੌੜਾਂ) ਨਾਲ ਛੇਵੀਂ ਵਿਕਟ ਲਈ 39 ਦੌੜਾਂ ਅਤੇ ਆਸ਼ੂਤੋਸ਼ ਸ਼ਰਮਾ (17 ਗੇਂਦਾਂ ਵਿਚ ਤਿੰਨ ਛੱਕੇ ਅਤੇ ਇਕ ਚੌਕੇ ਦੀ ਮਦਦ ਨਾਲ 31 ਦੌੜਾਂ) ਨਾਲ ਸੱਤਵੀਂ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕਰ ਕੇ ਪੰਜਾਬ ਦੀ ਜਿੱਤ ਯਕੀਨੀ ਬਣਾਈ।

ਗੁਜਰਾਤ ਲਈ ਕਪਤਾਨ ਸ਼ੁਭਮਨ ਗਿੱਲ ਨੇ 48 ਗੇਂਦਾਂ ਵਿਚ ਚਾਰ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ 89 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਸ ਨੇ ਸਾਈ ਸੁਦਰਸ਼ਨ (33) ਨਾਲ ਤੀਜੀ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕਰਨ ਤੋਂ ਇਲਾਵਾ ਰਾਹੁਲ ਤਿਵਾਤੀਆ (ਅੱਠ ਗੇਂਦਾਂ 'ਚ ਅਜੇਤੂ 23 ਦੌੜਾਂ) ਨਾਲ 14 ਗੇਂਦਾਂ 'ਚ 35 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ, ਜਿਸ ਨਾਲ ਚਾਰ ਵਿਕਟਾਂ ’ਤੇ ਟੀਮ ਦਾ ਸਕੋਰ 199 ਦੌੜਾਂ ਤਕ ਪਹੁੰਚਾਇਆ।

(For more Punjabi news apart from Punjab Kings win by 3 wickets against Gujarat Titans, stay tuned to Rozana Spokesman)