ਜੇਕਰ ਇਨਸਾਫ਼ ਦੇ ਰਾਹ ਵਿਚ ਰੁਕਾਵਟ ਬਣੀ ਤਾਂ ਨੌਕਰੀ ਤਿਆਗਣ ਤੋਂ ਵੀ ਝਿਜਕਾਂਗੇ ਨਹੀਂ : ਪਹਿਲਵਾਨ 

ਏਜੰਸੀ

ਖ਼ਬਰਾਂ, ਖੇਡਾਂ

ਕਿਹਾ : ਸਾਡੀ ਜ਼ਿੰਦਗੀ ਦਾਅ 'ਤੇ ਲੱਗੀ ਹੈ, ਸਾਨੂੰ ਨੌਕਰੀ ਦਾ ਡਰਾਵਾ ਨਾ ਦਿਓ 

bajrang Punia & Vinesh Phogat

ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਅੰਦੋਲਨ ਦੀ ਅਗਵਾਈ ਕਰ ਰਹੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਕਿਹਾ ਕਿ ਕੋਈ ਵੀ ਉਨ੍ਹਾਂ ਨੂੰ ਨੌਕਰੀ ਦਾ ਡਰਾਵਾ ਨਾ ਦਿਤਾ ਜਾਵੇ ਕਿਉਂਕਿ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ, ਝਿਜਕਣਗੇ ਨਹੀਂ। ਦੋਵਾਂ ਪਹਿਲਵਾਨਾਂ ਨੇ  ਇਸ ਬਾਰੇ ਇਕੱਠੇ ਟਵੀਟ ਕੀਤਾ ਕਿ ਉਨ੍ਹਾਂ ਦੀ ਜਾਨ ਦਾਅ 'ਤੇ ਹੈ, ਜਿਸ ਦੇ ਸਾਹਮਣੇ ਨੌਕਰੀ ਬਹੁਤ ਛੋਟੀ ਗੱਲ ਹੈ।

ਸੋਮਵਾਰ ਨੂੰ ਕੁਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਰੇਲਵੇ ਵਿਚ ਆਪਣੀ ਨੌਕਰੀ ਜੁਆਇਨ ਕਰ ਕੇ ਵਿਰੋਧ ਪ੍ਰਦਰਸ਼ਨ ਖ਼ਤਮ ਕਰ ਦਿਤਾ ਹੈ, ਹਾਲਾਂਕਿ, ਪਹਿਲਵਾਨਾਂ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰ ਦਿਤਾ ਹੈ।

ਇਹ ਵੀ ਪੜ੍ਹੋ: ਬ੍ਰਿਜਭੂਸ਼ਣ ਨੂੰ ਵੀ ਹਟਾਵਾਂਗੇ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ 2024 'ਚ ਹਟਾ ਦਿਤਾ ਜਾਵੇਗਾ - ਸਤਿਆਪਾਲ ਮਲਿਕ

ਉਲੰਪਿਕ ਤਮਗ਼ਾ ਜੇਤੂ ਬਜਰੰਗ ਅਤੇ ਵਿਨੇਸ਼ ਨੇ ਟਵੀਟ ਕਰਦਿਆਂ ਲਿਖਿਆ, ''ਸਾਡੇ ਮੈਡਲਾਂ ਨੂੰ 15-15 ਰੁਪਏ ਦੇ ਦੱਸਣ ਵਾਲੇ ਹੁਣ ਸਾਡੀ ਨੌਕਰੀ ਦੇ ਪਿਛੇ ਪੈ ਗਏ ਹਨ। ਸਾਡੀ ਜ਼ਿੰਦਗੀ ਦਾਅ 'ਤੇ ਲੱਗੀ ਹੈ, ਇਸ ਸਾਹਮਣੇ ਨੌਕਰੀ ਬਹੁਤ ਛੋਟੀ ਚੀਜ਼ ਹੈ। ''ਉਨ੍ਹਾਂ ਕਿਹਾ, ''ਜੇਕਰ ਨੌਕਰੀ ਸਾਡੇ ਇਨਸਾਫ਼ ਦੇ ਰਾਹ ਵਿਚ ਰੁਕਾਵਟ ਬਣੀ ਤਾਂ ਨੌਕਰੀ ਤਿਆਗਣ ਲੱਗੇ 10 ਸਕਿੰਟ ਦਾ ਸਮਾਂ ਵੀ ਨਹੀਂ ਲਗੇਗਾ। ਨੌਕਰੀ ਦਾ ਡਰਾਵਾ ਨਾ ਦਿਓ।''

ਪਹਿਲਵਾਨ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 23 ਅਪ੍ਰੈਲ ਤੋਂ ਜੰਤਰ-ਮੰਤਰ 'ਤੇ ਧਰਨੇ 'ਤੇ ਸਨ, ਜਿਸ 'ਤੇ ਇਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ।ਇਸ ਦੌਰਾਨ ਹੀ 28 ਮਈ ਨੂੰ, ਪਹਿਲਵਾਨਾਂ ਨੂੰ ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ ਮਹਿਲਾ ਮਹਾਪੰਚਾਇਤ ਦਾ ਆਯੋਜਨ ਕਰਨ ਲਈ ਉਥੇ ਮਾਰਚ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਕਾਨੂੰਨ ਅਤੇ ਵਿਵਸਥਾ ਨੂੰ ਵਿਗਾੜਨ ਦੇ ਦੋਸ਼ ਵਿਚ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਸ਼ਾਮ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ ਅਤੇ ਜੰਤਰ-ਮੰਤਰ ਨੂੰ ਖ਼ਾਲੀ ਕਰਵਾ ਦਿਤਾ ਗਿਆ ਸੀ।