ਬੀ.ਸੀ.ਸੀ.ਆਈ. ਤੇ ਪੀ.ਸੀ.ਬੀ. ਲਈ ਮਿਲ ਕੇ ਕੰਮ ਕਰਨ ਦਾ ਸਮਾਂ : ਮੀਆਂਦਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਦੇ ਸਾਬਕਾ ਟੈਸਟ ਕਪਤਾਨ ਜਾਵੇਦ ਮੀਆਂਦਾਦ ਨੇ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਬੋਰਡਾਂ ਨੂੰ ਸਲਾਹ ਦਿਤੀ ਹੈ........

Javed Miandad

ਕਰਾਚੀ  : ਪਾਕਿਸਤਾਨ ਦੇ ਸਾਬਕਾ ਟੈਸਟ ਕਪਤਾਨ ਜਾਵੇਦ ਮੀਆਂਦਾਦ ਨੇ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਬੋਰਡਾਂ ਨੂੰ ਸਲਾਹ ਦਿਤੀ ਹੈ ਕਿ ਉਹ ਦੋ ਗੁਆਂਢੀ ਦੇਸ਼ਾਂ ਵਿਚਾਲੇ ਦੋ ਪੱਖੀ ਸੀਰੀਜ਼ ਦੁਬਾਰਾ ਸ਼ੁਰੂ ਕਰਨ ਲਈ ਇਕੱਠਿਆਂ ਕੰਮ ਕਰਨ। ਮੀਆਂਦਾਦ ਨੇ ਇਕ ਇੰਟਰਵਿਊ 'ਚ ਕਿਹਾ, ''ਸਮਾਂ ਆ ਗਿਆ ਹੈ ਕਿ ਦੋਵੇਂ ਬੋਰਡ ਇਕ ਮੰਚ 'ਤੇ ਆਉਣ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ ਪੱਖੀ ਕ੍ਰਿਕਟ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਲਈ ਅਪਣੀਆਂ ਸਰਕਾਰਾਂ ਨੂੰ ਮਨਾਉਣ।'' ਪਾਕਿਸਤਾਨ ਵਲੋਂ 124 ਟੈਸਟ ਖੇਡਣ ਵਾਲੇ ਮੀਆਂਦਾਦ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ।

ਕਿ ਇੰਨੀਆਂ ਚੰਗੀਆਂ ਟੀਮਾਂ ਅਤੇ ਰੋਮਾਂਚਕ ਯੁਵਾ ਪ੍ਰਤੀਭਾਵਾਂ ਹੋਣ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਨਿਯਮਿਤ ਤੌਰ 'ਤੇ ਇਕ ਦੂਜੇ ਵਿਰੁਧ ਨਹੀਂ ਖੇਡਦੇ।
ਮੀਆਂਦਾਦ ਨੇ ਸਾਰੀਆਂ ਉਮੀਦਾਂ ਗੁਆ ਦਿਤੀਆਂ ਹਨ ਕਿ ਆਈ.ਸੀ.ਸੀ. ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ ਪੱਖੀ ਕ੍ਰਿਕਟ ਦੁਬਾਰਾ ਸ਼ੁਰੂ ਕਰਨ 'ਚ ਕੋਈ ਭੂਮਿਕਾ ਨਿਭਾਵੇਗਾ ਜੋ 2008 ਤੋਂ ਬੰਦ ਹੈ। ਇਸ ਵਿਚਾਲੇ 2012-13 'ਚ ਸਿਰਫ਼ ਸੀਮਿਤ ਓਵਰਾਂ ਦੀ ਇਕ ਛੋਟੀ ਜਿਹੀ ਲੜੀ ਖੇਡੀ ਗਈ। ਮੀਆਂਦਾਦ ਨੇ ਕਿਹਾ, ''ਭਾਰਤ ਅਤੇ ਪਾਕਿਸਤਾਨ ਲੜੀ ਏਸ਼ੇਜ਼ ਤੋਂ ਕਿਤੇ ਵੱਡੀ ਹੈ ਅਤੇ ਜੇਕਰ ਅਸੀਂ ਅਪਣੇ ਮਸਲਿਆਂ ਨੂੰ ਸੁਲਝਾ ਲਈਏ ਤਾਂ ਦੋਵੇਂ ਦੇਸ਼ ਕ੍ਰਿਕਟ ਜਗਤ 'ਚ ਰਾਜ ਕਰ ਸਕਦੇ ਹਨ।''

ਉਨ੍ਹਾਂ ਕਿਹਾ, ''ਬੀਤੇ ਸਮੇਂ 'ਚ ਸਿਆਸੀ ਰਿਸ਼ਤਿਆਂ ਦਾ ਪੱਧਰ ਭਾਵੇਂ ਕਿਹੜਾ ਵੀ ਰਿਹਾ ਹੋਵੇ, ਅਸੀਂ ਬੇਹੱਦ ਤਣਾਅਪੂਰਨ ਹਾਲਾਤ 'ਚ ਕ੍ਰਿਕਟ ਖੇਡਿਆ ਹੈ ਅਤੇ ਇਸ ਨਾਲ ਸਰਕਾਰਾਂ ਨੂੰ ਮਦਦ ਮਿਲੀ।'' ਉਨ੍ਹਾਂ ਕਿਹਾ ਕਿ ਜੇਕਰ ਦੋ ਪੱਖੀ ਕ੍ਰਿਕਟ ਹੁੰਦਾ ਹੈ ਤਾਂ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ 'ਚ ਮਦਦ ਮਿਲੇਗੀ। ਮੀਆਂਦਾਦ ਨੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਸ਼ਵ ਕੱਪ ਜਾਂ ਚੈਂਪੀਅਨਜ਼ ਟਰਾਫ਼ੀ ਜਿਹੀਆਂ ਆਈ.ਸੀ.ਸੀ. ਪ੍ਰਤੀਯੋਗਿਤਾਵਾਂ ਜਾਂ ਏਸ਼ੀਆ ਕੱਪ 'ਚ ਖੇਡ ਸਕਦੇ ਹਨ ਤਾਂ ਦੋ ਪੱਖੀ ਮੈਚ ਕਿਉਂ ਨਹੀਂ।