ਪੰਜਾਬੀ ਯੂਨੀਵਰਸਿਟੀ ਦੀਆਂ ਤੀਰਅੰਦਾਜ਼ ਕੁੜੀਆਂ ਨੇ ਰੌਸ਼ਨ ਕੀਤਾ ਨਾਮ, ਉਜ਼ਬੇਕਿਸਤਾਨ ਵਿਖੇ ਏਸ਼ੀਆ ਕੱਪ ਪੜਾਅ -2 'ਚ ਜਿੱਤੇ ਚਾਰ ਤਮਗ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਰਨੀਤ ਕੌਰ ਨੇ ਦੋ ਸੋਨੇ ਅਤੇ ਇਕ ਕਾਂਸੀ ਜਦਕਿ ਤਨੀਸ਼ਾ ਵਰਮਾ ਨੇ ਹਾਸਲ ਕੀਤਾ 1 ਚਾਂਦੀ ਦਾ ਤਮਗ਼ਾ 

Parneet kaur and Tanisha verma

ਮੋਹਾਲੀ : ਪੰਜਾਬੀ ਯੂਨੀਵਰਸਿਟੀ ਦੀਆਂ ਤੀਰਅੰਦਾਜ਼ ਕੁੜੀਆਂ ਨੇ ਸਿਰਫ਼ ’ਵਰਸਿਟੀ ਦਾ ਹੀ ਨਹੀਂ ਸਗੋਂ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਦੇ ਖੇਡ ਵਿਭਾਗ ਦੀਆਂ ਦੋ ਖਿਡਾਰਨਾਂ ਨੇ ਉਜ਼ਬੇਕਿਸਤਾਨ ਵਿਖੇ ਏਸ਼ੀਆ ਕੱਪ ਪੜਾਅ -2 ਦੌਰਾਨ ਚਾਰ ਤਮਗ਼ੇ ਯੂਨੀਵਰਸਿਟੀ ਦੀ ਝੋਲੀ ਪਾਏ ਹਨ।

ਇਹ ਵੀ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਇਸ ਮੁਕਾਬਲੇ ਦੌਰਾਨ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਦੋ ਸੋਨੇ ਅਤੇ ਇਕ ਕਾਂਸੀ ਦਾ ਤਮਗ਼ਾ ਜਦ ਕਿ ਤਨੀਸ਼ਾ ਵਰਮਾ ਨੇ ਇਕ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ। ਦੱਸ ਦੇਈਏ ਕਿ 29 ਅਪ੍ਰੈਲ ਤੋਂ ਸ਼ੁਰੂ ਹੋਏ ਇਹ ਮੁਕਾਬਲੇ 5 ਮਈ ਤਕ ਚਲੇ ਜਿਸ ਵਿਚ ਤੀਰਅੰਦਾਜ਼ ਪਰਨੀਤ ਕੌਰ ਨੇ ਕੰਪਾਊਂਡ ਈਵੈਂਟ ਅਤੇ ਮਿਕਸ ਟੀਮ ਵਿਚ ਸੋਨ ਤਮਗ਼ੇ ਅਤੇ ਵਿਅਕਤੀਗਤ ਸ਼੍ਰੇਣੀ ਵਿਚ ਕਾਂਸੀ ਦਾ ਤਮਗ਼ਾ ਜਿਤਿਆ ਹੈ।

ਦੱਸ ਦੇਈਏ ਕਿ ਪਰਨੀਤ ਕੌਰ ਨੇ ਕੌਮਾਂਤਰੀ ਪੱਧਰ 'ਤੇ ਕੁਲ 10 ਤਮਗ਼ੇ ਹਾਸਲ ਕੀਤੇ ਹਨ। ਇਸੇ ਤਰ੍ਹਾਂ ਹੀ ਖਿਡਾਰਨ ਤਨੀਸ਼ਾ ਵਰਮਾ ਨੇ ਟੀਮ ਈਵੈਂਟ ਵਿਚ ਚਾਂਦੀ ਦਾ ਤਮਗ਼ਾ ਜਿਤਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਪੂਰੇ 'ਵਰਸਿਟੀ ਪ੍ਰਵਾਰ ਵਲੋਂ ਲੜਕੀਆਂ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।