‘ਧੋਨੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਬਾਰੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਗੱਲਾਂ ਕਰਦੇ ਹਨ’
ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਨੇ ਕੀਤੀ ਧੋਨੀ ਦੀ ਤਾਰੀਫ਼
ਨਵੀਂ ਦਿੱਲੀ: ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਡੀਨ ਜੋਨਸ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਬਾਰੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਗੱਲਾਂ ਕਰਦੇ ਹਨ। ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਨਸ ਕੋਲੋਂ ਜਦੋਂ ਧੋਨੀ ਨਾਲ ਬਿਤਾਏ ਗਏ ਸਭ ਤੋਂ ਵਧੀਆ ਸਮੇਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਉਹ ਸਮਾਂ ਯਾਦ ਕੀਤਾ ਜਦੋਂ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਧੋਨੀ ਦੇ ਲੰਬੇ ਵਾਲਾਂ ਦੀ ਤਾਰੀਫ਼ ਕੀਤੀ ਸੀ।
ਉਹਨਾਂ ਨੇ ਧੋਨੀ ਨੂੰ ਕਦੀ ਵੀ ਵਾਲ ਨਾ ਕਟਵਾਉਣ ਲਈ ਕਿਹਾ ਸੀ। ਡੀਨ ਜੋਨਸ ਨੇ ਕਿਹਾ, ‘ਮੈਂ ਉਸ ਸਮੇਂ ਕਮੈਂਟਰੀ ਕਰ ਰਿਹਾ ਸੀ, ਜਦੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਉਹਨਾਂ ਨੂੰ ਇਹ ਗੱਲ ਕਹੀ। ਧੋਨੀ ਬਹੁਤ ਸਟਾਈਲਿਸ਼ ਖਿਡਾਰੀ ਹਨ, ਇੱਥੋਂ ਤੱਕ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੱਕ ਉਹਨਾਂ ਬਾਰੇ ਗੱਲਾਂ ਕਰਨਾ ਪਸੰਦ ਕਰਦੇ ਸਨ’।
ਉਹਨਾਂ ਕਿਹਾ ਕਿ, ‘ਧੋਨੀ ਮੈਦਾਨ ‘ਤੇ ਅਜਿਹੀਆਂ ਚੀਜ਼ਾਂ ਕਰਦੇ ਹਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ’। ਉਹਨਾਂ ਕਿਹਾ ਕਿ ਧੋਨੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਖਿਡਾਰੀ ਹਨ। ਉਹਨਾਂ ਕਿਹਾ ‘ਮੈਂ ਧੋਨੀ ਦਾ ਬਹੁਤ ਵੱਡਾ ਫੈਨ ਹਾਂ। ਮੈਨੂੰ ਲੱਗਦਾ ਹੈ ਕਿ ਉਹ ਭਾਰਤ ਦੇ ਚੋਟੀ ਦੇ ਮਹਾਨ 6 ਕ੍ਰਿਕਟਰਾਂ ਵਿਚੋਂ ਇਕ ਹਨ’। ਡੀਨ ਜੋਨਸ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਧੋਨੀ ਆਈਪੀਐਲ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਸਿਰਫ਼ ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਹਨ। ਭਾਰਤ ਨੂੰ ਆਈਸੀਸੀ ਦੀਆਂ ਤਿੰਨ ਟਰਾਫੀਆਂ ਜਿਤਾਉਣ ਵਾਲੇ ਧੋਨੀ ਦੁਨੀਆਂ ਦੇ ਇਕਲੌਤੇ ਕਪਤਾਨ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਵੀ ਉਹ ਚੇਨਈ ਸੁਪਰ ਕਿੰਗਸ ਨੂੰ ਤਿੰਨ ਵਾਰ ਖ਼ਿਤਾਬ ਜਿਤਾ ਚੁੱਕੇ ਹਨ। ਟੀਮ ਦੇ ਮੌਜੂਦਾ ਮੈਂਬਰ ਹੀ ਨਹੀਂ ਬਲਕਿ ਸਾਬਕਾ ਮਹਾਨ ਕ੍ਰਿਕਟਰ ਵੀ ਧੋਨੀ ਦੇ ਫੈਸਲਾ ਲੈਣ ਦੀ ਸਮਰੱਥਾ ਅਤੇ ਕਾਬਲੀਅਤ ਤੋਂ ਪ੍ਰਭਾਵਿਤ ਰਹੇ ਹਨ।