ਚੀਨ ਨੂੰ 7-0 ਨਾਲ ਦਰੜ ਕੇ ਭਾਰਤ ਏਸ਼ੀਆ ਕੱਪ ਹਾਕੀ ਦੇ ਫਾਈਨਲ 'ਚ
ਦਖਣੀ ਕੋਰੀਆ ਨਾਲ ਖਿਤਾਬੀ ਮੁਕਾਬਲਾ ਅੱਜ
ਰਾਜਗੀਰ (ਬਿਹਾਰ) : ਸਟ੍ਰਾਈਕਰ ਅਭਿਸ਼ੇਕ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਸਨਿਚਰਵਾਰ ਨੂੰ ਏਸ਼ੀਆ ਕੱਪ ਟੂਰਨਾਮੈਂਟ ਦੇ ਅਪਣੇ ਆਖਰੀ ਸੁਪਰ 4 ਮੈਚ ’ਚ ਚੀਨ ਨੂੰ 7-0 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾ ਲਈ। ਅਭਿਸ਼ੇਕ ਨੇ 46ਵੇਂ ਅਤੇ 50ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਸ਼ਿਲਾਨੰਦ ਲਾਕੜਾ (ਚੌਥੇ ਮਿੰਟ), ਦਿਲਪ੍ਰੀਤ ਸਿੰਘ (7ਵੇਂ ਮਿੰਟ), ਮਨਦੀਪ ਸਿੰਘ (18ਵੇਂ ਮਿੰਟ), ਰਾਜ ਕੁਮਾਰ ਪਾਲ (37ਵੇਂ ਮਿੰਟ) ਅਤੇ ਸੁਖਜੀਤ ਸਿੰਘ (39ਵੇਂ ਮਿੰਟ) ਨੇ ਇਕਪਾਸੜ ਮੈਚ ਖੇਡਿਆ। ਐਤਵਾਰ ਨੂੰ ਫਾਈਨਲ ਵਿਚ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਦਖਣੀ ਕੋਰੀਆ ਨਾਲ ਹੋਵੇਗਾ। ਇਸ ਜਿੱਤ ਨਾਲ ਭਾਰਤ ਸੱਤ ਅੰਕਾਂ ਨਾਲ ਸੁਪਰ 4 ਐਸ ਲੀਗ ਟੇਬਲ ’ਚ ਚੋਟੀ ਉਤੇ ਹੈ, ਜਦਕਿ ਦਖਣੀ ਕੋਰੀਆ ਚਾਰ ਅੰਕਾਂ ਨਾਲ ਦੂਜੇ ਸਥਾਨ ਉਤੇ ਹੈ। ਇਸ ਤਰ੍ਹਾਂ ਭਾਰਤ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਸਿਰਫ ਇਕ ਕਦਮ ਦੂਰ ਹੈ।
ਮਹਿਲਾ ਏਸ਼ੀਆ ਕੱਪ ਹਾਕੀ ’ਚ ਭਾਰਤ ਨੇ ਜਾਪਾਨ ਨੂੰ 2-2 ਨਾਲ ਡਰਾਅ ਉਤੇ ਰੋਕਿਆ
ਹਾਂਗਝੂ : ਨਵਨੀਤ ਕੌਰ ਦੇ ਪੈਨਲਟੀ ਕਾਰਨਰ ਉਤੇ ਕੀਤੇ ਗਏ ਗੋਲ ਦੀ ਬਦੌਲਤ ਭਾਰਤ ਨੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਅਪਣੇ ਦੂਜੇ ਪੂਲ ਮੈਚ ’ਚ ਮੌਜੂਦਾ ਚੈਂਪੀਅਨ ਜਾਪਾਨ ਨੂੰ 2-2 ਨਾਲ ਡਰਾਅ ਉਤੇ ਰੋਕ ਦਿਤਾ।
ਪੂਲ ਬੀ ਦੇ ਮੈਚ ’ਚ ਹੀਰੋਕਾ ਮੁਰਾਯਾਮਾ ਨੇ 10ਵੇਂ ਮਿੰਟ ’ਚ ਜਾਪਾਨ ਨੂੰ ਬੜ੍ਹਤ ਦਿਵਾਈ ਜਦਕਿ ਭਾਰਤ ਦੀ ਰੁਤਾਜਾ ਦਾਦਾਸੋ ਪਿਸਲ ਨੇ 30ਵੇਂ ਮਿੰਟ ’ਚ ਬਰਾਬਰੀ ਕਰ ਦਿਤੀ । ਚੀਕੋ ਫੁਜੀਬਾਯਾਸ਼ੀ ਨੇ 58ਵੇਂ ਮਿੰਟ ਵਿਚ ਜਾਪਾਨ ਨੂੰ ਫਿਰ ਤੋਂ ਅੱਗੇ ਕਰ ਦਿਤਾ ਅਤੇ ਨਵਨੀਤ ਨੇ 60ਵੇਂ ਮਿੰਟ ਵਿਚ ਬਰਾਬਰੀ ਬਹਾਲ ਕੀਤੀ।
ਭਾਰਤ ਨੇ ਅਪਣੇ ਪਹਿਲੇ ਮੈਚ ਵਿਚ ਥਾਈਲੈਂਡ ਨੂੰ 11-0 ਨਾਲ ਹਰਾਇਆ ਸੀ ਅਤੇ ਉਹ ਪੂਲ ਬੀ ਦੇ ਅਪਣੇ ਆਖਰੀ ਮੈਚ ਵਿਚ 8 ਸਤੰਬਰ ਨੂੰ ਸਿੰਗਾਪੁਰ ਨਾਲ ਖੇਡੇਗਾ। ਭਾਰਤ ਇਸ ਸਮੇਂ ਵਿਸ਼ਵ ਰੈਂਕਿੰਗ ਵਿਚ 10ਵੇਂ ਸਥਾਨ ਉਤੇ ਹੈ ਜਦਕਿ ਜਾਪਾਨ 12 ਵੇਂ ਸਥਾਨ ਉਤੇ ਹੈ।
ਟੂਰਨਾਮੈਂਟ ਵਿਚ ਅੱਠ ਟੀਮਾਂ ਹਨ ਅਤੇ ਦੋਹਾਂ ਪੂਲਾਂ ’ਚੋਂ ਚੋਟੀ ਦੀਆਂ ਦੋ ਟੀਮਾਂ ਸੁਪਰ 4 ਐਸ ਪੜਾਅ ਲਈ ਕੁਆਲੀਫਾਈ ਕਰਨਗੀਆਂ। ਸੁਪਰ 4 ਵਿਚ ਚੋਟੀ ਦੀਆਂ ਦੋ ਟੀਮਾਂ 14 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿਚ ਖੇਡਣਗੀਆਂ।