ਬੈਡਮਿੰਟਨ ਖਿਡਾਰਨ ਮਨੀਸ਼ਾ ਰਾਮਦਾਸ ਨੂੰ ਮਿਲਿਆ ਸਾਲ ਦੀ ਸਰਬੋਤਮ ਖਿਡਾਰਨ ਦਾ ਅਵਾਰਡ

ਏਜੰਸੀ

ਖ਼ਬਰਾਂ, ਖੇਡਾਂ

ਵਿਸ਼ਵ ਬੈਡਮਿੰਟਨ ਫ਼ੈਡਰੇਸ਼ਨ ਨੇ ਸੌਂਪਿਆ ਸਨਮਾਨ 

Image

 

ਨਵੀਂ ਦਿੱਲੀ - ਨੌਜਵਾਨ ਭਾਰਤੀ ਖਿਡਾਰਨ ਮਨੀਸ਼ਾ ਰਾਮਦਾਸ ਨੂੰ ਮੌਜੂਦਾ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ਵ ਬੈਡਮਿੰਟਨ ਫ਼ੈਡਰੇਸ਼ਨ ਦੀ 'ਮਹਿਲਾ ਪੈਰਾ-ਬੈਡਮਿੰਟਨ ਪਲੇਅਰ ਆਫ਼ ਦ ਈਅਰ' ਚੁਣਿਆ ਗਿਆ ਹੈ।

ਫ਼ੈਡਰੇਸ਼ਨ ਨੇ 17 ਸਾਲਾ ਮਨੀਸ਼ਾ ਨੂੰ ਸੋਮਵਾਰ ਨੂੰ ਜੇਤੂ ਐਲਾਨਿਆ। ਮਨੀਸ਼ਾ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਐੱਸ.ਯੂ. 5 ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ। 2022 ਵਿੱਚ ਉਸ ਨੇ ਕੁੱਲ 11 ਸੋਨ ਅਤੇ ਪੰਜ ਕਾਂਸੀ ਦੇ ਤਮਗੇ ਜਿੱਤੇ।

ਇਸ ਸ਼੍ਰੇਣੀ ਦੇ ਹੋਰ ਦਾਅਵੇਦਾਰਾਂ ਵਿੱਚ ਭਾਰਤ ਦੀ ਨਿੱਤਿਆ ਸ਼੍ਰੀ ਸੁਮਤੀ, ਮਾਨਸੀ ਜੋਸ਼ੀ, ਸੇਰੀਨਾ ਸੱਤੋਮੀ, ਜਿਉਲੀਆਨਾ ਪੋਵੇਦਾ ਫਲੋਰੈਂਸ ਅਤੇ ਪਿਲਰ ਜੌਰੇਗੁਈ ਸ਼ਾਮਲ ਸਨ।

ਹਾਲਾਂਕਿ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਅਤੇ ਥਾਮਸ ਕੱਪ ਜੇਤੂ ਐਚ.ਐਸ. ਪ੍ਰਣਯ ਇਨ੍ਹਾਂ ਇਨਾਮਾਂ ਦੀ ਦੌੜ ਵਿੱਚ ਪੱਛੜ ਗਏ।

ਇਸ ਸਾਲ ਵਿਸ਼ਵ ਚੈਂਪੀਅਨਸ਼ਿਪ 'ਚ ਆਪਣਾ ਚੌਥਾ ਸਿੰਗਲ ਸੋਨ ਤਮਗਾ ਜਿੱਤਣ ਵਾਲੇ ਭਗਤ ਨੂੰ ਫ਼ੈਡਰੇਸ਼ਨ ਵੱਲੋਂ 'ਪੁਰਸ਼ ਪੈਰਾ ਬੈਡਮਿੰਟਨ ਪਲੇਅਰ ਆਫ਼ ਦ ਈਅਰ' ਸ਼੍ਰੇਣੀ 'ਚ ਨਾਮਜ਼ਦ ਕੀਤਾ ਗਿਆ ਸੀ, ਪਰ ਡਬਲਿਊ ਐੱਚ 2 ਸ਼੍ਰੇਣੀ 'ਚ ਇਹ ਪੁਰਸਕਾਰ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਪੈਰਾਲੰਪਿਕ ਚੈਂਪੀਅਨ ਡੇਕੀ ਕਾਜੀਵਾਰਾ ਨੂੰ ਮਿਲਿਆ, ਜਿਸ ਨੇ ਕੁੱਲ 10 ਸੋਨੇ ਦੇ ਤਗਮੇ ਅਤੇ ਚਾਰ ਕਾਂਸੀ ਦੇ ਤਮਗਿਆਂ ਨਾਲ ਇਹ ਸਨਮਾਨ ਹਾਸਲ ਕੀਤਾ। 

ਕਾਜੀਵਾੜਾ ਅਤੇ ਭਗਤ ਤੋਂ ਇਲਾਵਾ, ਚੀਹ ਲੀਕ ਹੋਊ, ਲੂਕਾਸ ਮਜ਼ੁਰ, ਚੀਉ ਮਾਨ ਕਾਈ ਅਤੇ ਚੋਈ ਜੁੰਗਮੈਨ ਵੀ ਇਨਾਮ ਲਈ ਨਾਮਜ਼ਦ ਸਨ।

ਓਲੰਪਿਕ ਚੈਂਪੀਅਨ ਵਿਕਟਰ ਐਕਸਲਸਨ ਨੂੰ ਪੁਰਸ਼ ਸਿੰਗਲਜ਼ ਵਿੱਚ ਸਰਵੋਤਮ ਖਿਡਾਰੀ ਚੁਣਿਆ ਗਿਆ, ਜਦ ਕਿ ਜ਼ੇਂਗ ਸੀ ਵੇਈ ਅਤੇ ਹੁਆਂਗ ਯਾ ਕਿਓਂਗ ਨੇ ਸਰਵੋਤਮ ਬੈਡਮਿੰਟਨ ਖਿਡਾਰੀ ਪੁਰਸਕਾਰਾਂ ਵਿੱਚ ਸਰਵੋਤਮ ਜੋੜੀ ਦਾ ਪੁਰਸਕਾਰ ਜਿੱਤਿਆ।

ਫ਼ੈਡਰੇਸ਼ਨ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇੱਕ ਰਿਪੋਰਟ ਵਿੱਚ ਕਿਹਾ ਕਿ ਐਕਸਲਸਨ ਨੇ 1 ਨਵੰਬਰ, 2021 ਤੋਂ 31 ਅਕਤੂਬਰ, 2022 ਤੱਕ ਯੋਗਤਾ ਮਿਆਦ ਦੇ ਦੌਰਾਨ 9 ਖ਼ਿਤਾਬ ਜਿੱਤੇ ਹਨ। ਉਸ ਨੇ ਇਸ ਦੌਰਾਨ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਵੀ ਜਿੱਤਿਆ।

ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਾਲ ਦੀ ਸਰਵੋਤਮ ਮਹਿਲਾ ਸਿੰਗਲ ਖਿਡਾਰਨ ਚੁਣਿਆ ਗਿਆ, ਜਿਸ ਨੇ ਨੌਂ ਮਹੀਨਿਆਂ ਦੇ ਅੰਦਰ ਲਗਾਤਾਰ ਦੋ ਵਿਸ਼ਵ ਖਿਤਾਬ ਜਿੱਤਣ ਦਾ ਕਾਰਨਾਮਾ ਕੀਤਾ। ਉਸ ਨੇ ਆਲ ਇੰਗਲੈਂਡ ਅਤੇ ਜਾਪਾਨ ਓਪਨ ਦਾ ਖਿਤਾਬ ਵੀ ਜਿੱਤਿਆ।

ਇਸ ਸ਼੍ਰੇਣੀ ਦੇ ਹੋਰ ਦਾਅਵੇਦਾਰ ਆਨ ਸੇ ਯੰਗ ਅਤੇ ਤਾਈ ਜ਼ੂ ਯਿੰਗ ਸਨ।

ਸਾਲ ਦੇ ਸਭ ਤੋਂ ਬਿਹਤਰ ਖਿਡਾਰੀ ਦਾ ਅਵਾਰਡ ਫਜ਼ਰ ਅਲਫਿਆਨ ਅਤੇ ਮੁਹੰਮਦ ਰਿਆਨ ਅਰਡੀਅਨਟੋ ਦੀ ਜੋੜੀ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਅੱਠ ਫਾਈਨਲਜ਼ ਖੇਡੇ ਅਤੇ 2022 ਵਿੱਚ ਚਾਰ ਖਿਤਾਬ ਜਿੱਤੇ।

ਇੰਡੋਨੇਸ਼ੀਆਈ ਜੋੜੀ ਨੇ ਐਚਐਸ ਪ੍ਰਣਯ ਅਤੇ ਜਿਓਂਗ ਨਾ ਯੂਨ ਅਤੇ ਕਿਮ ਹੀ ਜੇਓਂਗ ਨੂੰ ਹਰਾ ਕੇ ਪੁਰਸਕਾਰ ਜਿੱਤਿਆ।

ਜਾਪਾਨ ਦੇ 21 ਸਾਲਾ ਕੋਡਾਈ ਨੇਰੋਕਾ ਨੂੰ ਐਡੀ ਚੁੰਗ 'ਮੋਸਟ ਪ੍ਰੋਮਿਸਿੰਗ ਪਲੇਅਰ ਆਫ਼ ਦ ਈਅਰ' ਦਾ ਐਵਾਰਡ ਮਿਲਿਆ। ਨੇਰੋਕਾ ਨੇ 2022 ਵਿੱਚ ਚਾਰ ਫਾਈਨਲ ਵਿੱਚ ਥਾਂ ਬਣਾਈ ਅਤੇ ਵੀਅਤਨਾਮ ਓਪਨ ਦਾ ਖਿਤਾਬ ਜਿੱਤਿਆ।