ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਵਾਲੇ ਮੁਸਲਿਮ ਖਿਡਾਰੀਆਂ ਲਈ ਬਣੀ ‘ਮੋਬਾਈਲ ਮਸਜਿਦ’

ਏਜੰਸੀ

ਖ਼ਬਰਾਂ, ਖੇਡਾਂ

ਅਪਣੀ ਤਕਨੀਕ ਲਈ ਮਸ਼ਹੂਰ ਜਪਾਨ ਨੇ ਇਸ ਵਾਰ ਦੀਆਂ ਓਲੰਪਿਕ ਖੇਡਾਂ ਵਿਚ ਮੁਸਲਮਾਨ ਖਿਡਾਰੀਆਂ ਲਈ ਇਕ ਤੁਰਦੀ-ਫਿਰਦੀ ਮਸਜਿਦ ਬਣਾਈ ਹੈ।

Photo

ਟੋਕੀਓ: ਅਪਣੀ ਤਕਨੀਕ ਲਈ ਮਸ਼ਹੂਰ ਜਪਾਨ ਨੇ ਇਸ ਵਾਰ ਦੀਆਂ ਓਲੰਪਿਕ ਖੇਡਾਂ ਵਿਚ ਮੁਸਲਮਾਨ ਖਿਡਾਰੀਆਂ ਲਈ ਇਕ ਤੁਰਦੀ-ਫਿਰਦੀ ਮਸਜਿਦ ਬਣਾਈ ਹੈ। ਇਸ ਮਸਜਿਦ ਨੂੰ ਟਰੱਕ ਦੇ ਪਿਛਲੇ ਹਿੱਸੇ ਵਿਚ ਬਣਾਇਆ ਗਿਆ ਹੈ। ਫਿਲਹਾਲ ਇਸ ਵਾਰ ਇਹ ਮਸਜਿਦ ਖੇਡਾਂ ਦੌਰਾਨ ਟੋਕੀਓ ਦੀਆਂ ਸੜਕਾਂ ‘ਤੇ ਦੌੜਦੀ ਨਜ਼ਰ ਆਵੇਗੀ।

ਇਸ ਦੇ ਨਾਲ ਹੀ ਜੁਲਾਈ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੌਰਾਨ ਖਿਡਾਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ, ਖ਼ਾਸ ਤਰ੍ਹਾਂ ਦੇ ਕਮਰਿਆਂ ਦਾ ਵੀ ਨਿਰਮਾਣ ਕੀਤਾ ਗਿਆ ਹੈ। ਇਸ ਨੂੰ ਬਣਾਉਣ ਪਿੱਛੇ ਇਕ ਕਾਰਨ ਹੈ। ਦਰਅਸਲ ਜਪਾਨ ਦੀ ਰਾਜਧਾਨੀ ਟੋਕੀਓ ਵਿਚ ਹੋਟਲ ਅਤੇ ਧਾਰਮਕ ਸਥਾਨਾਂ ਦੀ ਕਮੀ ਹੈ।

ਇਹੀ ਕਾਰਨ ਹੈ ਕਿ ਇਸ ਕਮੀ ਨੂੰ ਦੂਰ ਕਰਨ ਲਈ ਪ੍ਰਸ਼ਾਸਨ ਨੇ ਮੋਬਾਇਲ ਮਸਜਿਦ ਦਾ ਨਿਰਮਾਣ ਕੀਤਾ ਹੈ। ਦੇਖਣ ਵਿਚ ਇਹ ਕਾਫੀ ਸੁਵਿਧਾਜਨਕ ਲੱਗ ਰਿਹਾ ਹੈ। ਟਰੱਕ ਦੇ ਪਿੱਛੇ ਬਣਿਆ 48 ਵਰਗ ਮੀਟਰ ਦਾ ਕਮਰਾ ਹੀ ਮਸਜਿਦ ਦੇ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਇਸ ਵਿਚ ਸਾਰੀਆਂ ਜ਼ਰੂਰੀ ਚੀਜ਼ਾਂ ਮੌਜੂਦ ਹਨ ਜੋ ਪ੍ਰਾਥਨਾ ਸਮੇਂ ਕੰਮ ਆਉਂਦੀਆਂ ਹਨ।

ਇਸ ਵਿਚ ਪਾਣੀ ਦਾ ਵੀ ਪੂਰਾ ਇੰਤਜ਼ਾਮ ਹੈ। ਇਸ ਦੇ ਨਾਲ ਹੀ ਲੋਕਾਂ ਦੀ ਭਾਸ਼ਾ ਦਾ ਵੀ ਖ਼ਾਸ ਖਿਆਲ ਰੱਖਿਆ ਗਿਆ ਹੈ। ਕਈ ਸਹੂਲਤਾਂ ਨਾਲ ਲੈਸ ਇਹ ਮੋਬਾਇਲ ਮਸਜਿਦ ਯਾਸੂ ਪ੍ਰਾਜੈਕਟ ਦੇ ਨਾਂਅ ਨਾਲ ਤਿਆਰ ਕੀਤੀ ਗਈ ਹੈ। ਇਸ ਪ੍ਰਾਜੈਕਟ ਨੂੰ ਤਿਆਰ ਕਰਨ ਪਿੱਛੇ ਮੁੱਖ ਮਕਸਦ ਇਹੀ ਹੈ ਕਿ ਖਿਡਾਰੀ ਪੂਰੀ ਤਰ੍ਹਾਂ ਖੇਡਾਂ ‘ਤੇ ਧਿਆਨ ਲਗਾ ਸਕਣ। ਓਲੰਪਿਕ ਅਯੋਜਕਾਂ ਦਾ ਕਹਿਣਾ ਹੈ ਕਿ ਉਹ ਬਿਨਾ ਕਿਸੇ ਭੇਦਭਾਵ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਉੱਥੇ ਹੀ ਇਸ ਦੇ ਤਹਿਤ ਹੋਰ ਧਰਮ ਵਿਚ ਆਸਥਾ ਰੱਖਣ ਵਾਲੇ ਲੋਕਾਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਟੋਕੀਓ ਵਿਚ 24 ਜੁਲਾਈ ਤੋਂ 09 ਅਗਸਤ ਤੱਕ ਓਲੰਪਿਕ ਖੇਡਾਂ ਦਾ ਅਯੋਜਨ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਜਪਾਨ ਵਿਚ ਮਸਜਿਦਾਂ ਦੀ ਗਿਣਤੀ 105 ਦੇ ਕਰੀਬ ਹੈ। ਉੱਥੇ ਹੀ ਜ਼ਿਆਦਾਤਰ ਮਸਜਿਦਾਂ ਟੋਕੀਓ ਤੋਂ ਬਾਹਰ ਸਥਿਤ ਹਨ।