ਤੁਰਕੀ ਵਿਚ ਭੂਚਾਲ ਦਾ ਕਹਿਰ, 5 ਹਜ਼ਾਰ ਤੋਂ ਵੱਧ ਮੌਤਾਂ, ਫੁੱਟਬਾਲਰ ਅਤਸੂ ਲਾਪਤਾ 

ਏਜੰਸੀ

ਖ਼ਬਰਾਂ, ਖੇਡਾਂ

ਕਲੱਬ ਦੇ 2 ਖਿਡਾਰੀਆਂ ਨੂੰ ਮਲਬੇ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

footballer Atsu missing

ਲੰਡਨ - ਤੁਰਕੀ ਵਿਚ ਆਏ ਭੂਚਾਲ ਤੋਂ ਬਾਅਦ ਫੁੱਟਬਾਲਰ ਕ੍ਰਿਸ਼ਚੀਅਨ ਅਤਸੂ ਲਾਪਤਾ ਹੈ ਅਤੇ ਹੁਣ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਮਲਬੇ ਹੇਠ ਦੱਬੇ ਹੋਏ ਹਨ। ਤੁਰਕੀ ਅਤੇ ਗੁਆਂਢੀ ਸੀਰੀਆ ਵਿਚ ਸੋਮਵਾਰ ਨੂੰ 7.8 ਤੀਬਰਤਾ ਦੇ ਇੱਕ ਸ਼ਕਤੀਸ਼ਾਲੀ ਭੂਚਾਲ ਕਾਰਨ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ। ਘਾਨਾ ਦੇ ਖਿਡਾਰੀ ਅਤਸੂ ਤੁਰਕੀ ਦੇ ਕਲੱਬ ਹਾਟੈਸਪੋਰ ਲਈ ਖੇਡਦੇ ਹਨ। ਕਲੱਬ ਦੇ ਬੁਲਾਰੇ ਮੁਸਤਫਾ ਓਜ਼ਾਤ ਨੇ ਕਿਹਾ ਕਿ ਉਹ ਉਸ ਇਮਾਰਤ ਵਿਚ ਸਨ ਜੋ ਤਬਾਹ ਹੋ ਗਈ ਹੈ। ਕਲੱਬ ਦੇ 2 ਖਿਡਾਰੀਆਂ ਨੂੰ ਮਲਬੇ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਭੂਚਾਲ ਕਾਰਨ ਹਜ਼ਾਰਾਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਬਚਾਅ ਕਰਤਾ ਅਜੇ ਵੀ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਬਚਾਅ ਕਰਮਚਾਰੀ ਸਾਵਧਾਨੀ ਨਾਲ ਕੰਕਰੀਟ ਦੇ ਪੱਥਰ ਅਤੇ ਲੋਹੇ ਦੀਆਂ ਰਾਡਾਂ ਨੂੰ ਹਟਾ ਰਹੇ ਹਨ, ਤਾਂ ਜੋ ਮਲਬੇ ਵਿਚ ਜੇਕਰ ਕੋਈ ਵੀ ਜਿਊਂਦਾ ਬਚਿਆ ਹੈ ਤਾਂ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਭੂਚਾਲ ਦਾ ਕੇਂਦਰ ਤੁਰਕੀ ਦੇ ਸ਼ਹਿਰ ਗਾਜ਼ੀਅਨਟੇਪ ਤੋਂ ਕਰੀਬ 30 ਕਿਲੋਮੀਟਰ ਦੂਰ ਸੀ। ਭੂਚਾਲ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੇ ਸ਼ਾਪਿੰਗ ਮਾਲ, ਸਟੇਡੀਅਮ, ਮਸਜਿਦਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਸ਼ਰਨ ਲਈ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।