ਭਾਰਤ ਨੇ ਟੀ20 ਵਿਸ਼ਵ ਕੱਪ ਦੀ ਜਿੱਤ ਨਾਲ ਕੀਤੀ ਸ਼ੁਰੂਆਤ, ਅਮਰੀਕਾ ਨੂੰ 29 ਦੌੜਾਂ ਨਾਲ ਹਰਾਇਆ
162 ਦੌੜਾਂ ਦਾ ਪਿੱਛਾ ਕਰਦਿਆਂ ਅਮਰੀਕਾ ਦੀ ਟੀਮ 8 ਵਿਕਟਾਂ ਗੁਆ ਕੇ 132 ਦੌੜਾਂ ਹੀ ਬਣਾ ਸਕੀ
ਮੁੰਬਈ : ਭਾਰਤੀ ਗੇਂਦਬਾਜ਼ਾਂ ਦੀ ਕਸੀ ਹੋਈ ਗੇਂਦਬਾਜ਼ੀ ਬਦੌਲਤ ਭਾਰਤ ਨੇ ਅਮਰੀਕਾ ਦੀ ਜੁਝਾਰੂ ਟੀਮ ਨੂੰ 29 ਦੌੜਾਂ ਨਾਲ ਹਰਾ ਕੇ ਟੀ20 ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਟੂਰਨਾਮੈਂਟ ਦੇ ਅਪਣੇ ਪਹਿਲੇ ਮੈਚ ’ਚ ਭਾਰਤ ਨੇ ਅਮਰੀਕਾ ਨੂੰ 29 ਦੌੜਾਂ ਨਾਲ ਹਰਾ ਦਿਤਾ।
ਤੇਜ਼ ਗੇਂਦਬਾਜ਼ੀ ਮੁਹੰਮਦ ਸਿਰਾਜ ਨੇ 29 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਅਰਸ਼ਦੀਪ ਸਿੰਘ ਅਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਲਈਆਂ। 162 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਮਰੀਕਾ ਦੀ ਟੀਮ 20 ਓਵਰਾਂ ’ਚ ਅੱਠ ਵਿਕਟਾਂ ਗੁਆ ਕੇ ਸਿਰਫ਼ 132 ਦੌੜਾਂ ਹੀ ਬਣਾ ਸਕੀ। ਅਮਰੀਕਾ ਵਲੋਂ ਮਿਲਿੰਦ ਕੁਮਾਰ ਨੇ 34, ਸ਼ੁਭਮ ਰੰਜਾਨੇ ਨੇ 37 ਅਤੇ ਸੂਰਜ ਕ੍ਰਿਸ਼ਨਾਮੂਰਤੀ ਨੇ 37 ਦੌੜਾਂ ਬਣਾ ਕੇ ਜੁਝਾਰੂਪਣ ਵਿਖਾਇਆ ਪਰ ਭਾਰਤੀ ਗੇਂਦਬਾਜ਼ਾਂ ਦੇ ਵਿਸ਼ਾਲ ਤਜਰਬੇ ਅੱਗੇ ਨਾ ਟਿਕ ਸਕੇ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 13ਵੇਂ ਓਵਰ ’ਚ 76 ਦੌੜਾਂ ’ਤੇ ਉਸ ਦੇ ਛੇ ਖਿਡਾਰੀ ਆਊਟ ਹੋ ਗਏ ਸਨ। ਇਸ਼ਾਨ ਕਿਸ਼ਨ 20, ਤਿਲਕ ਵਰਕਾ 25 ਅਤੇ ਸ਼ਿਵਮ ਦੂਬੇ ਬਗੈਰ ਦੌੜ ਬਣਾਏ ਆਊਟ ਹੋ ਗਏ। ਪਰ ਕਪਤਾਨ ਸੂਰਿਆਕੁਮਾਰ ਯਾਦਵ ਨੇ 49 ਗੇਂਦਾਂ ’ਤੇ 84 ਦੌੜਾਂ ਬਣਾ ਕੇ ਮੈਚ ਦਾ ਪਾਸਾ ਪਲਟ ਦਿਤਾ। ਅਮਰੀਕਾ ਦੇ ਦਖਣੀ ਅਫ਼ਰੀਕਾ ਮੂਲ ਦੇ ਗੇਂਦਬਾਜ਼ ਸ਼ਾਰਡਲੀ ਵੈਨ ਨੇ 25 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।