ਅਹਿਮਦਾਬਾਦ, ਊਟੀ, ਮੁੰਬਈ, ਦਿੱਲੀ ਤੋਂ ਨਿਕਲੇ ਹਨ ਅਮਰੀਕੀ ਟੀਮ ਦੇ ‘ਜਾਇੰਟ ਕਿੱਲਰ’ ਕ੍ਰਿਕੇਟਰ 

ਏਜੰਸੀ

ਖ਼ਬਰਾਂ, ਖੇਡਾਂ

ਕ੍ਰਿਕਟ ਦਾ ‘ੳ ਅ’ ਸਿੱਖਦੇ ਹੋਏ ਪਹਿਲੇ ਹੀ ਕਦਮ ’ਤੇ ਮਹਾਨ ਖਿਡਾਰੀਆਂ ਨੂੰ ਧੂੜ ਚਟਾਉਣ ਵਾਲੇ ਅਮਰੀਕੀ ਕ੍ਰਿਕੇਟਰਾਂ ਦੀ ਕਹਾਣੀ

Saurabh Netravalkar

ਡੱਲਾਸ: ਕ੍ਰਿਕਟ ਦਾ ‘ੳ ਅ’ ਸਿੱਖਦੇ ਹੋਏ ਪਹਿਲੇ ਹੀ ਕਦਮ ’ਤੇ ਮਹਾਨ ਖਿਡਾਰੀਆਂ ਨੂੰ ਧੂੜ ਚਟਾਉਣ ਵਾਲੇ ਅਮਰੀਕੀ ਕ੍ਰਿਕੇਟਰਾਂ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ। ਕੁੱਝ ਦੀਆਂ ਨਜ਼ਰਾਂ ਚੰਗੇ ਫਸਟ ਕਲਾਸ ਕਰੀਅਰ ਤੋਂ ਬਾਅਦ ਬਿਹਤਰ ਪ੍ਰਦਰਸ਼ਨ ਦੀ ਤਲਾਸ਼ ’ਚ ਸਨ, ਜਦਕਿ ਕੁੱਝ ਚਾਹੁੰਦੇ ਸਨ ਕਿ ਜ਼ਿੰਦਗੀ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਵੇ ਜਦਕਿ ਕੁੱਝ ਅਪਣੇ ਸ਼ੌਕ ਨੂੰ ਪੂਰਾ ਕਰਨ ਲਈ ਹਰ ਕੁਰਬਾਨੀ ਦੇ ਕੇ ਇੱਥੇ ਤਕ ਪਹੁੰਚੇ। ਆਉ ਟੀ-20 ਵਿਸ਼ਵ ਕੱਪ ’ਚ ਪਿਛਲੀ ਉਪ ਜੇਤੂ ਅਤੇ ਸਾਬਕਾ ਚੈਂਪੀਅਨ ਪਾਕਿਸਤਾਨ ਨੂੰ ਹਰਾ ਕੇ ਸਨਸਨੀ ਪੈਦਾ ਕਰਨ ਵਾਲੇ ਭਾਰਤੀ ਮੂਲ ਦੇ ਅਮਰੀਕੀ ਕ੍ਰਿਕੇਟਰਾਂ ਬਾਰੇ ਸੰਖੇਪ ਜਾਣੀਏ:

ਮੋਨਕ ਪਟੇਲ: 
ਅਹਿਮਦਾਬਾਦ ’ਚ ਜਨਮੇ ਕਪਤਾਨ ਮੋਨਾਂਕ ਪਟੇਲ ਨੂੰ ਉਨ੍ਹਾਂ ਦੇ ਅੱਧੇ ਸੈਂਕੜੇ ਲਈ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਉਹ ਉਨ੍ਹਾਂ ਕੁੱਝ ਲੋਕਾਂ ’ਚੋਂ ਇਕ ਸੀ ਜੋ ਕ੍ਰਿਕਟ ’ਚ ਅਪਣਾ ਕੈਰੀਅਰ ਬਣਾਉਣ ਲਈ ਅਮਰੀਕਾ ’ਚ ਆ ਕੇ ਵਸ ਗਏ ਸਨ। ਉਸ ਨੇ 2010 ’ਚ ਅਪਣਾ ਗ੍ਰੀਨ ਕਾਰਡ ਪ੍ਰਾਪਤ ਕੀਤਾ ਅਤੇ 2016 ’ਚ ਨਿਊ ਜਰਸੀ ’ਚ ਵਸ ਗਿਆ। ਕੌਮੀ ਟੀਮ ਲਈ ਨਾ ਖੇਡਣ ਦੌਰਾਨ ਉਹ ਹਫ਼ਤੇ ’ਚ ਤਿੰਨ ਦਿਨ ਭਾਰਤੀ ਮੂਲ ਦੇ ਬੱਚਿਆਂ ਨੂੰ ਕ੍ਰਿਕਟ ਟ੍ਰਿਕਸ ਸਿਖਾਉਂਦਾ ਅਤੇ ਕੋਚਿੰਗ ਕਲੀਨਿਕ ਚਲਾਉਂਦਾ ਹੈ। ਸ਼ੁਰੂ ’ਚ, ਭਾਰਤ ’ਚ ਬਹੁਤ ਸਾਰੀਆਂ ਟਰਫ ਪਿਚਾਂ ਨਹੀਂ ਸਨ ਅਤੇ ਮੋਨਾਂਕ ਨੇ ਮੈਟ ’ਤੇ ਵੀ ਬਹੁਤ ਖੇਡਿਆ ਹੈ। 

ਸੌਰਭ ਨੇਤਰਵਲਕਰ: 
ਪਾਕਿਸਤਾਨ ਵਿਰੁਧ ਸੁਪਰ ਓਵਰ ਸੁੱਟਣ ਵਾਲੇ ਨੇਤਰਵਲਕਰ ਨੇ ਮੁਹੰਮਦ ਰਿਜ਼ਵਾਨ ਅਤੇ ਇਫਤਿਖਾਰ ਅਹਿਮਦ ਦੀਆਂ ਵਿਕਟਾਂ ਲਈਆਂ। ਉਸ ਨੇ 2010 ’ਚ ਇੰਗਲੈਂਡ ਦੇ ਅੰਡਰ-19 ਕ੍ਰਿਕਟਰਾਂ ਜੋਸ ਬਟਲਰ, ਜੋ ਰੂਟ, ਬੇਨ ਸਟੋਕਸ ਨੂੰ ਗੇਂਦਬਾਜ਼ੀ ਕੀਤੀ ਜੋ ਨਿਊਜ਼ੀਲੈਂਡ ’ਚ ਵਿਸ਼ਵ ਕੱਪ ਖੇਡ ਰਹੇ ਸਨ। ਨੇਤਰਾ ਉਸ ਸਮੇਂ ਪੰਜਾਬ ਦੇ ਜੈਦੇਵ ਉਨਾਦਕਟ ਅਤੇ ਸੰਦੀਪ ਸ਼ਰਮਾ ਨਾਲ ਗੇਂਦਬਾਜ਼ੀ ਕਰਦਾ ਸੀ। ਪਰ ਮੁੰਬਈ ’ਚ, ਸਿਰਫ ਚੰਗਾ ਹੋਣਾ ਕਾਫ਼ੀ ਨਹੀਂ ਹੈ, ਇਹ ਸੱਭ ਤੋਂ ਵਧੀਆ ਹੋਣਾ ਚਾਹੀਦਾ ਹੈ। ਕੰਪਿਊਟਰ ਸਾਇੰਸ ’ਚ ਅਪਣੀ ਇੰਜੀਨੀਅਰਿੰਗ ਪੂਰੀ ਕਰਨ ਤੋਂ ਬਾਅਦ, ਨੇਤਰਾ ਨੂੰ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ’ਚ ਐਮ.ਐਸ. ਕਰਨ ਲਈ ਵਜ਼ੀਫਾ ਮਿਲਿਆ। ਉਹ ਕਦੇ ਵੀ ਕ੍ਰਿਕਟ ਤੋਂ ਵੱਖਰਾ ਨਹੀਂ ਹੋ ਸਕਿਆ ਅਤੇ ਉਸ ਨੇ ਅਮਰੀਕੀ ਕ੍ਰਿਕਟ ’ਚ ਹਰ ਪੱਧਰ ’ਤੇ ਵਧੀਆ ਪ੍ਰਦਰਸ਼ਨ ਕਰ ਕੇ ਸੁਰਖੀਆਂ ਬਟੋਰੀਆਂ। ਕ੍ਰਿਕਟ ਤੋਂ ਇਲਾਵਾ, ਉਸ ਨੂੰ ਸਿਲੀਕਾਨ ਵੈਲੀ ’ਚ ਓਰੇਕਲ ਦਫਤਰ ’ਚ ਵੇਖਿਆ ਜਾ ਸਕਦਾ ਹੈ ਜਿੱਥੇ ਉਹ ਇਕ ਸੀਨੀਅਰ ਕਰਮਚਾਰੀ ਹੈ। 

ਹਰਮੀਤ ਸਿੰਘ: 
ਅੰਡਰ-19 ਵਰਲਡ ਕੱਪ 2012 ’ਚ ਉਸ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਇਯਾਨ ਚੈਪਲ ਉਸ ਨੂੰ ਭਾਰਤੀ ਟੀਮ ’ਚ ਵੇਖਣਾ ਚਾਹੁੰਦੇ ਸਨ ਪਰ ਇਸ ਦੌਰਾਨ ਉਹ ਭਟਕ ਗਿਆ। ਉਸ ਨੂੰ ਰੇਲਵੇ ਸਟੇਸ਼ਨ ਦੇ ਅੰਦਰ ਕਾਰ ਲਿਜਾਣ ਲਈ ਪੁਲਿਸ ਨੇ ਫੜ ਲਿਆ ਅਤੇ ਮੁੰਬਈ ਕ੍ਰਿਕਟ ਨੇ ਅਨੁਸ਼ਾਸਨਹੀਣਤਾ ਲਈ ਉਸ ਤੋਂ ਮੂੰਹ ਮੋੜ ਲਿਆ ਸੀ। ਉਹ ਤ੍ਰਿਪੁਰਾ ਗਿਆ ਪਰ ਸਫਲ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਜਾਣ ਦੀ ਸੋਚੀ, ਜੋ ਸਹੀ ਫੈਸਲਾ ਸਾਬਤ ਹੋਇਆ। ਉਨ੍ਹਾਂ ਨੇ ਅਪਣੀ ਲੈਅ ਹਾਸਲ ਕੀਤੀ ਅਤੇ ਬੰਗਲਾਦੇਸ਼ ਵਿਰੁਧ ਹਾਲ ਹੀ ਦੀ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 

ਨੋਸਟੂਸ਼ ਕੇਂਜੀਗੇ : 
ਤਾਮਿਲ ਮੂਲ ਦੇ ਅਮਰੀਕੀ ਕੇਂਜੀਗੇ ਅਪਣੇ ਮਾਪਿਆਂ ਨਾਲ ਊਟੀ ਛੱਡ ਕੇ ਅਮਰੀਕਾ ਚਲੇ ਗਏ। ਉਹ ਤੇਰ੍ਹਾਂ ਸਾਲ ਦੀ ਉਮਰ ’ਚ ਸਪਿਨਰ ਬਣਨ ਤੋਂ ਪਹਿਲਾਂ ਖੱਬੇ ਹੱਥ ਦਾ ਦਰਮਿਆਨਾ ਤੇਜ਼ ਗੇਂਦਬਾਜ਼ ਸੀ। ਜਦੋਂ ਉਹ 18 ਸਾਲਾਂ ਦਾ ਹੋ ਗਿਆ, ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਬੈਂਗਲੁਰੂ ਭੇਜ ਦਿਤਾ ਜਿੱਥੇ ਉਹ ਕੇ.ਐਸ.ਸੀ.ਏ. ਦੀ ਪਹਿਲੀ ਡਿਵੀਜ਼ਨ ਲੀਗ ’ਚ ਖੇਡਿਆ। ਇਹ ਮਹਿਸੂਸ ਕਰਦਿਆਂ ਕਿ ਕਰਨਾਟਕ ਦੀ ਟੀਮ ’ਚ ਜਗ੍ਹਾ ਬਣਾਉਣਾ ਮੁਸ਼ਕਲ ਹੈ, ਉਹ ਅਮਰੀਕਾ ਵਾਪਸ ਆ ਗਿਆ ਅਤੇ ਬਾਇਓਮੈਡੀਕਲ ਇੰਜੀਨੀਅਰਿੰਗ ਦਾ ਕੋਰਸ ਕੀਤਾ। ਜਦੋਂ ਉਹ ਵਾਪਸ ਆਇਆ ਤਾਂ ਉਸ ਦੇ ਸਾਮਾਨ ਵਿਚ ਕ੍ਰਿਕਟ ਕਿੱਟ ਨਹੀਂ ਸੀ ਪਰ ਉਸ ਦੀ ਮਾਂ ਨੇ ਗੇਂਦ ਉਸ ਦੇ ਸੂਟਕੇਸ ਵਿਚ ਪਾ ਦਿਤੀ ਸੀ। ਵਾਸ਼ਿੰਗਟਨ ’ਚ ਅਪਣੀ ਨੌਕਰੀ ਦੌਰਾਨ, ਉਹ ਸਕੁਐਸ਼ ਖੇਡਦਾ ਸੀ ਅਤੇ ਉਥੇ ਹੀ ਉਸ ਨੂੰ ਨਿਊਯਾਰਕ ’ਚ ਕਲੱਬ ਕ੍ਰਿਕਟ ਬਾਰੇ ਪਤਾ ਲੱਗਿਆ। ਉਸ ਨੇ ਅਪਣੀ ਨੌਕਰੀ ਛੱਡ ਦਿਤੀ ਅਤੇ ਆਈ.ਸੀ.ਸੀ. ਦੇ ਡਬਲਯੂ.ਸੀ.ਏ. ਡਿਵੀਜ਼ਨ 4 ’ਚ ਯੂ.ਐਸ.ਏ. ਲਈ ਖੇਡਿਆ। 

ਮਿਲਿੰਦ ਕੁਮਾਰ: 
ਜਦੋਂ ਮਿਲਿੰਦ ਕੁਮਾਰ ਨੇ ਖੇਡਣਾ ਸ਼ੁਰੂ ਕੀਤਾ ਤਾਂ ਸਾਰਿਆਂ ਨੂੰ ਲੱਗਿਆ ਕਿ ਦਿੱਲੀ ਨੂੰ ਇਕ ਮਹਾਨ ਖਿਡਾਰੀ ਮਿਲ ਗਿਆ ਹੈ ਪਰ ਸੱਤ ਸਾਲ ਦੇ ਅੰਦਰ ਹੀ ਉਹ ਰਣਜੀ ਟਰਾਫੀ ’ਚ ਬਾਅਦ ਵਾਲੇ ਬੱਲੇਬਾਜ਼ਾਂ ਨਾਲ ਖੇਡਦੇ ਨਜ਼ਰ ਆਏ। ਉਸ ਨੇ ਪਲੇਟ ਲੀਗ ’ਚ ਸਿੱਕਮ ਟੀਮ ਲਈ ਖੇਡਣਾ ਸ਼ੁਰੂ ਕੀਤਾ ਪਰ 1300 ਦੌੜਾਂ ਬਣਾਉਣ ਤੋਂ ਬਾਅਦ ਵੀ ਕਰੀਅਰ ਅੱਗੇ ਨਹੀਂ ਵਧ ਸਕਿਆ। ਕੋਰੋਨਾ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਅਤੇ ਘਰੇਲੂ ਟੂਰਨਾਮੈਂਟ ਖੇਡਣੇ ਸ਼ੁਰੂ ਕਰ ਦਿਤੇ। ਦਿੱਲੀ ਲਈ ਖੇਡਦੇ ਹੋਏ ਅਪਣੇ ਦਿਨਾਂ ਦੌਰਾਨ ਵੀ, ਉਹ ਇਕ ਚੁਸਤ ਫੀਲਡਰ ਸੀ ਅਤੇ ਉਸ ਨੇ ਟੀ-20 ਵਿਸ਼ਵ ਕੱਪ ’ਚ ਸੁਪਰ ਓਵਰ ’ਚ ਇਫਤਿਖਾਰ ਅਹਿਮਦ ਦਾ ਸ਼ਾਨਦਾਰ ਕੈਚ ਲੈ ਕੇ ਇਹ ਵਿਖਾਇਆ। 

ਨਿਤੀਸ਼ ਕੁਮਾਰ: 
ਭਾਰਤ ਹੋਵੇ ਜਾਂ ਅਮਰੀਕਾ, ਨਿਤੀਸ਼ ਕੁਮਾਰ ਲਈ ਇਹ ਚੰਗਾ ਸਮਾਂ ਹੈ। ਸਾਲ 2011 ’ਚ ਜਦੋਂ ਮਹਿੰਦਰ ਸਿੰਘ ਧੋਨੀ ਦੇ ਛੱਕੇ ਨੇ ਭਾਰਤ ਨੂੰ ਵਿਸ਼ਵ ਕੱਪ ਦਿਵਾਇਆ ਸੀ ਅਤੇ ਵਿਰਾਟ ਕੋਹਲੀ ਉੱਭਰਦੇ ਸਿਤਾਰੇ ਸਨ ਤਾਂ ਸਕੂਲ ’ਚ ਪੜ੍ਹਨ ਵਾਲੇ ਨਿਤੀਸ਼ ਨੇ 16 ਸਾਲ 283 ਦਿਨ ਦੀ ਉਮਰ ’ਚ ਜ਼ਿੰਬਾਬਵੇ ਵਿਰੁਧ 50 ਓਵਰਾਂ ਦਾ ਵਿਸ਼ਵ ਕੱਪ ਖੇਡਣ ਵਾਲਾ ਸੱਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਕੇ ਕੈਨੇਡਾ ਲਈ ਵਿਸ਼ਵ ਰੀਕਾਰਡ ਬਣਾਇਆ ਸੀ। 13 ਸਾਲ ਬਾਅਦ ਹਾਰਿਸ ਰਾਊਫ ਦੀ ਆਖਰੀ ਗੇਂਦ ’ਤੇ ਉਸ ਦੀ ਬਾਊਂਡਰੀ ਉਸ ਦੇ ਕਰੀਅਰ ਦਾ ਸੁਨਹਿਰੀ ਪਲ ਸੀ। 

ਜਸਪ੍ਰੀਤ ਜੈਸੀ ਸਿੰਘ: 
ਨਿਊਜਰਸੀ ’ਚ ਜਨਮੇ ਅਤੇ ਪੰਜਾਬ ਦੇ ਪਿੰਡ ’ਚ ਵੱਡੇ ਹੋਏ ਜਸਪ੍ਰੀਤ ਬਚਪਨ ’ਚ ਹੀ ਮੌਕਿਆਂ ਦੀ ਭਾਲ ’ਚ ਅਮਰੀਕਾ ਆ ਗਿਆ ਸੀ। ਉਸ ਨੂੰ 2015 ’ਚ ਵੈਸਟਇੰਡੀਜ਼ ਨਾਲ ਖੇਡਣ ਗਈ ਅਮਰੀਕੀ ਟੀਮ ਤੋਂ ਬਾਹਰ ਕਰ ਦਿਤਾ ਗਿਆ ਸੀ। ਫਿਰ ਉਸ ਨੇ ਸਖਤ ਮਿਹਨਤ ਕਰਨੀ ਸ਼ੁਰੂ ਕੀਤੀ ਅਤੇ 2016 ’ਚ ਸ਼੍ਰੀਲੰਕਾ ’ਚ ਪਹਿਲੇ ਦਰਜੇ ਦੇ ਮੈਚ ਖੇਡ ਕੇ ਅਪਣੀ ਖੇਡ ’ਚ ਸੁਧਾਰ ਕੀਤਾ। ਪਾਕਿਸਤਾਨ ਦੇ ਅਲੀ ਖਾਨ ਦੇ ਨਾਲ ਉਹ ਅਮਰੀਕਾ ਦੇ ਤੇਜ਼ ਗੇਂਦਬਾਜ਼ਾਂ ਦੀ ਧੁਰੀ ਹੈ। ਉਸ ਨੇ ਬਾਬਰ ਆਜ਼ਮ ਦੀ ਕੀਮਤੀ ਵਿਕਟ ਲਈ।