Cricket World Cup 2023 : ਮੈਕਸਵੈੱਲ ਦੇ ਤੂਫ਼ਾਨ ’ਚ ਉੱਡਿਆ ਅਫ਼ਗਾਨਿਸਤਾਨ, ਆਸਟਰੇਲੀਆ ਨੇ ਸੈਮੀਫ਼ਾਈਨਲ ’ਚ ਥਾਂ ਪੱਕੀ ਕੀਤੀ

ਏਜੰਸੀ

ਖ਼ਬਰਾਂ, ਖੇਡਾਂ

ਅੱਠਵੇਂ ਵਿਕੇਟ ਲਈ ਰੀਕਾਰਡ ਸਾਂਝੇਦਾਰੀ ਬਦੌਲਤ ਆਸਟਰੇਲੀਆ ਨੇ ਅਫ਼ਗਾਨਿਸਤਾਨ ਨੂੰ 3 ਵਿਕੇਟਾਂ ਨਾਲ ਹਰਾਇਆ

Australia vs Afghanistan,

Cricket World Cup 2023 : ਕ੍ਰਿਕੇਟ ਵਿਸ਼ਵ ਕੱਪ ਦੇ ਇਕ ਰੋਮਾਂਚਕ ਮੈਚ ’ਚ ਅੱਜ ਆਸਟਰੇਲੀਆ ਨੇ ਅਫ਼ਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾ ਕੇ ਸੈਮੀਫ਼ਾਈਨਲ ’ਚ ਅਪਣੀ ਥਾਂ ਪੱਕੀ ਕਰ ਲਈ। ਅਫ਼ਗਾਨਿਸਤਾਨ ਵਲੋਂ ਮਿਲੇ 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਇਕ ਪੜਾਅ ’ਤੇ 91 ਦੌੜਾਂ ’ਤੇ 7 ਵਿਕਟਾਂ ਗੁਆ ਦਿਤੀਆਂ ਸਨ। ਪਰ ਅੱਠਵੇਂ ਵਿਕੇਟ ਲਈ ਰੀਕਾਰਡ ਸਾਂਝੇਦਾਰੀ ਦੀ ਬਦੌਲਤ ਆਸਟਰੇਲੀਆ ਨੇ ਟੀਚਾ 46.5 ਓਵਰਾਂ ’ਚ ਹੀ ਪੂਰਾ ਕਰ ਲਿਆ। 

ਅੱਠਵੇਂ ਵਿਕੇਟ ਲਈ ‘ਪਲੇਅਰ ਆਫ਼ ਦ ਮੈਚ’ ਐਲਾਨੇ ਗਏ ਗਲੇਨ ਮੈਕਸਵੈੱਲ ਅਤੇ ਪੈਟ ਕਮਿੰਗ ਨੇ ਰੀਕਾਰਡ 202 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿੱਥੇ ਕਮਿੰਸ ਨੇ 68 ਗੇਂਦਾਂ ’ਚ ਸਿਰਫ਼ 12 ਦੌੜਾਂ ਬਣਾਈਆਂ ਉੱਥੇ ਪੈਰ ’ਚ ਅਕੜਾਅ ਦੇ ਬਾਵਜੂਦ ਮੈਕਸਵੈੱਲ ਨੇ ਕਰੀਅਰ ਦੀ ਬਿਹਤਰੀਨ ਪਾਰੀ ਖੇਡੀ ਅਤੇ 128 ਗੇਂਦਾਂ ’ਚ 201 ਦੌੜਾਂ ਬਣਾਈਆਂ ਜਿਸ ’ਚ 10 ਛੱਕੇ ਅਤੇ 21 ਚੌਕੇ ਸ਼ਾਮਲ ਸਨ। ਇਸ ਦੇ ਨਾਲ ਹੀ ਮੈਕਸਵੈੱਲ ਆਸਟਰੇਲੀਆ ਵਲੋਂ ਕਿਸੇ ਇਕ ਦਿਨਾ ਮੈਚ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਉਨ੍ਹਾਂ ਨੇ ਸ਼ੇਨ ਵਾਟਸਨ (185 ਦੌੜਾਂ) ਨੂੰ ਪਿੱਛੇ ਛਡਿਆ। 

ਇਸ ਤੋਂ ਪਹਿਲਾਂ ਮੈਚ ਦੀ ਪੂਰਵ ਸੰਧਿਆ ’ਤੇ ਸਚਿਨ ਤੇਂਦੁਲਕਰ ਦੇ ਹੌਸਲੇ ਤੋਂ ਪ੍ਰੇਰਿਤ 21 ਸਾਲਾ ਇਬਰਾਹਿਮ ਜ਼ਾਦਰਾਨ ਮੰਗਲਵਾਰ ਨੂੰ ਇੱਥੇ ਵਿਸ਼ਵ ਕੱਪ ’ਚ ਸੈਂਕੜਾ ਲਗਾਉਣ ਵਾਲੇ ਅਫਗਾਨਿਸਤਾਨ ਦੇ ਪਹਿਲੇ ਬੱਲੇਬਾਜ਼ ਬਣ ਗਏ, ਜਿਸ ਨਾਲ ਟੀਮ ਨੂੰ ਆਸਟ੍ਰੇਲੀਆ ਵਿਰੁਧ ਖੇਡਦਿਆਂ ਪੰਜ ਵਿਕਟਾਂ ’ਤੇ 291 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ’ਚ ਮਦਦ ਮਿਲੀ। 

ਸਲਾਮੀ ਬੱਲੇਬਾਜ਼ ਜ਼ਦਰਾਨ ਨੇ 143 ਗੇਂਦਾਂ ’ਤੇ ਅੱਠ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 129 ਦੌੜਾਂ ਦੀ ਅਜੇਤੂ ਪਾਰੀ ਖੇਡੀ। ਅਫਗਾਨਿਸਤਾਨ ਦੀ ਟੀਮ ਆਖਰੀ ਪੰਜ ਓਵਰਾਂ ’ਚ 64 ਦੌੜਾਂ ਜੋੜਨ ’ਚ ਸਫਲ ਰਹੀ। ਰਾਸ਼ਿਦ ਖਾਨ ਨੇ ਆਖ਼ਰੀ ਓਵਰਾਂ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 18 ਗੇਂਦਾਂ ’ਚ ਅਜੇਤੂ 35 ਦੌੜਾਂ ਬਣਾਈਆਂ।

ਚਾਰ ਸਾਲ ਪਹਿਲਾਂ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ’ਚ ਸ਼ੁਰੂਆਤ ਕਰਨ ਵਾਲੇ 21 ਸਾਲਾਂ ਦੇ ਜ਼ਦਰਾਨ ਨੇ ਵਾਨਖੇੜੇ ਸਟੇਡੀਅਮ ’ਚ ਅਪਣੀ ਟੀਮ ਦੇ ਇਸ ਅਹਿਮ ਮੈਚ ’ਚ ਸਿਰਫ਼ 26ਵੇਂ ਮੈਚ ’ਚ ਪੰਜਵਾਂ ਸੈਂਕੜਾ ਲਗਾਇਆ। ਵਿਸ਼ਵ ਕੱਪ ’ਚ ਸੈਂਕੜਾ ਲਗਾਉਣ ਵਾਲੇ ਅਫਗਾਨਿਸਤਾਨ ਦੇ ਪਹਿਲੇ ਖਿਡਾਰੀ ਹੋਣ ਦੇ ਨਾਲ-ਨਾਲ ਉਹ ਆਸਟ੍ਰੇਲੀਆ ਵਿਰੁਧ ਸੈਂਕੜਾ ਲਗਾਉਣ ਵਾਲੇ ਅਪਣੇ ਦੇਸ਼ ਦੇ ਪਹਿਲੇ ਬੱਲੇਬਾਜ਼ ਵੀ ਹਨ।

ਇਸ ਤੋਂ ਪਹਿਲਾਂ ਵਿਸ਼ਵ ਕੱਪ ’ਚ ਅਫਗਾਨਿਸਤਾਨ ਲਈ ਸਰਵੋਤਮ ਵਿਅਕਤੀਗਤ ਸਕੋਰ ਸਮੀਉੱਲ੍ਹਾ ਸ਼ਿਨਵਾਰੀ ਦੇ ਨਾਂ ਸੀ ਜਿਸ ਨੇ 2015 ਵਿਸ਼ਵ ਕੱਪ ਦੌਰਾਨ ਡੁਨੇਡਿਨ ’ਚ ਸਕਾਟਲੈਂਡ ਵਿਰੁਧ 96 ਦੌੜਾਂ ਬਣਾਈਆਂ ਸਨ। ਜ਼ਦਰਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦੇ ਕਪਤਾਨ ਹਸ਼ਮਤੁੱਲਾ ਸ਼ਹੀਦੀ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ ਅਤੇ ਬੱਲੇਬਾਜ਼ੀ ਦੇ ਅਨੁਕੂਲ ਪਿੱਚ ’ਤੇ ਅਜੇਤੂ ਰਹਿੰਦਿਆਂ ਅਪਣੀ ਟੀਮ ਨੂੰ ਮਜ਼ਬੂਤ ​​ਸਕੋਰ ਤਕ ਪਹੁੰਚਾਇਆ। ਜ਼ਾਦਰਾਨ ਨੇ ਪਾਰੀ ਦੇ ਬ੍ਰੇਕ ਦੌਰਾਨ ਕਿਹਾ, ‘‘ਮੈਂ ਕੱਲ੍ਹ ਸਚਿਨ ਤੇਂਦੁਲਕਰ ਨਾਲ ਚੰਗੀ ਗੱਲਬਾਤ ਕੀਤੀ, ਉਨ੍ਹਾਂ ਨੇ ਅਪਣੇ ਕਈ ਤਜਰਬੇ ਸਾਂਝੇ ਕੀਤੇ। ਮੈਂ ਅਪਣੇ ਤਜਰਬਿਆਂ ਨੂੰ ਸਾਂਝਾ ਕਰਨ ਅਤੇ ਮੈਨੂੰ ਬਹੁਤ ਭਰੋਸਾ ਦੇਣ ਲਈ ਉਨ੍ਹਾਂ ਦਾ ਧੰਨਵਾਦੀ ਹਾਂ।’’

(For more news apart from Cricket World Cup 2023, stay tuned to Rozana Spokesman).