ਹਰਮਨਪ੍ਰੀਤ ਕੌਰ ਨੇ ਕ੍ਰਿਕਟ ਲਈ ਕਟਵਾਏ ਸੀ ਵਾਲ, ਪਿਤਾ ਨੇ 3 ਮਹੀਨੇ ਤੱਕ ਨਹੀਂ ਕੀਤੀ ਗੱਲ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅੱਜ ਯਾਨੀ 8 ਮਾਰਚ 2020 ਨੂੰ ਅਪਣਾ 31ਵਾਂ ਜਨਮ ਦਿਨ ਮਨਾ ਰਹੀ ਹੈ।

Photo

ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅੱਜ ਯਾਨੀ 8 ਮਾਰਚ 2020 ਨੂੰ ਅਪਣਾ 31ਵਾਂ ਜਨਮ ਦਿਨ ਮਨਾ ਰਹੀ ਹੈ। ਅੱਜ ਦਾ ਜਨਮਦਿਨ ਉਸ ਦੇ ਲਈ ਬਹੁਤ ਖ਼ਾਸ ਹੈ ਕਿਉਂਕਿ ਉਹਨਾਂ ਦੀ ਅਗਵਾਈ ਵਿਚ ਇਸੇ ਦਿਨ ਭਾਰਤੀ ਕ੍ਰਿਕਟ ਟੀਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡ ਰਹੀ ਹੈ।ਇਸ ਦੌਰਾਨ ਹਰਮਨ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ। 

ਹਰਮਨਪ੍ਰੀਤ ਕੌਰ ਦਾ ਜਨਮ 8 ਮਾਰਚ ਨੂੰ ਪੰਜਾਬ ਦੇ ਜ਼ਿਲ੍ਹਾ ਮੋਗਾ ਵਿਚ ਹਰਮਿੰਦਰ ਸਿੰਘ ਭੁੱਲਰ ਅਤੇ ਸਤਵਿੰਦਰ ਕੌਰ ਦੇ ਘਰ ਹੋਇਆ ਸੀ। ਉਹਨਾਂ ਦੇ ਪਿਤਾਵਾਲੀਬਾਲ ਅਤੇ ਬਾਸਕਿਟ ਬਾਲ ਖਿਡਾਰੀ ਸਨ। ਹਰਮਨਪ੍ਰੀਤ ਨੇ ਅਪਣੇ ਪਿਤਾ ਕੋਲੋਂ ਹੀ ਕ੍ਰਿਕਟ ਦੀ ਸਿਖਲਾਈ ਲਈ। ਹਾਲਾਂਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਪਿਓ-ਧੀ ਵਿਚ ਕੁਝ ਮਹੀਨਿਆਂ ਤੱਕ ਗੱਲਬਾਤ ਨਹੀਂ ਹੋਈ।

ਇਸ ਦਾ ਖ਼ੁਲਾਸਾ ਹਰਮਨਪ੍ਰੀਤ ਕੌਰ ਨੇ ਹੀ ਕੀਤਾ ਸੀ। ਹਰਮਨਪ੍ਰੀਤ ਕੌਰ ਨੂੰ ਕੌਮਾਂਤਰੀ ਕ੍ਰਿਕਟ ਵਿਚ 10 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਉਹਨਾਂ ਨੇ 7 ਮਾਰਚ 2008 ਨੂੰ ਆਸਟ੍ਰੇਲੀਆ ਦੇ ਬੋਅਰਲ ਵਿਚ ਪਾਕਿਸਤਾਨ ਖ਼ਿਲਾਫ਼ ਇਕ ਰੋਜ਼ਾ ਮੈਚ ਵਿਚ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ।

ਹਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਲਈ ਕ੍ਰਿਕਟ ਦੇ ਮੈਦਾਨ ਵਿਚ ਇੰਡੀਅਨ ਕੈਪ ਪਹਿਨਣ ਤੱਕ ਦਾ ਸਫ਼ਰ ਅਸਾਨ ਨਹੀਂ ਰਿਹਾ। ਹਰਮਨਪ੍ਰੀਤ ਨੂੰ ਕ੍ਰਿਕਟ ਦੀ ਟ੍ਰੇਨਿੰਗ ਦੌਰਾਨ ਕਈ ਮੁਸ਼ਕਿਲਾਂ ਵਿਚੋਂ ਲੰਘਣਾ ਪਿਆ। ਉਦਾਹਰਣ ਦੇ ਤੌਰ ‘ਤੇ ਉਹਨਾਂ ਨੂੰ ਲੰਬੇ ਵਾਲਾਂ ਕਾਰਨ ਕਾਫ਼ੀ ਪਰੇਸ਼ਾਨੀ ਹੁੰਦੀ ਸੀ। ਇਸ ਦਿਨ ਉਹਨਾਂ ਨੇ ਵਾਲ ਕਟਵਾ ਲਏ।

ਹਰਮਨਪ੍ਰੀਤ ਦਾ ਅਜਿਹਾ ਕਰਨਾ ਉਸ ਦੇ ਪਿਤਾ ਨੂੰ ਪਸੰਦ ਨਹੀਂ ਆਇਆ। ਉਹ ਨਰਾਜ਼ ਹੋ ਗਏ। ਇਸ ਦੌਰਾਨ ਉਹਨਾਂ ਨੇ 3 ਮਹੀਨੇ ਤੱਕ ਹਰਮਨਪ੍ਰੀਤ ਨਾਲ ਗੱਲ ਨਹੀਂ ਕੀਤੀ। ਇਸ ਤੋਂ ਬਾਅਦ ਹਰਮਨ ਨੇ ਦੁਬਾਰਾ ਕਦੀ ਵੀ ਵਾਲ ਨਾ ਕਟਾਉਣ ਦਾ ਫੈਸਲਾ ਕੀਤਾ। ਹਰਮਨਪ੍ਰੀਤ ਕੌਰ ਨੇ ਹੁਣ ਤੱਕ ਕੁੱਲ 113 ਟੀ-20, 99 ਵਨਡੇ, 2 ਟੈਸਟ ਮੈਚ ਖੇਡੇ ਹਨ।

ਇਹਨਾਂ ਵਿਚ ਉਸ ਨੇ 2182, 2372 ਅਤੇ 26 ਦੌੜਾਂ ਬਣਾਈਆਂ ਹਨ। ਉਹ ਟੀ-20 ਇੰਟਰਨੈਸ਼ਨਲ ਵਿਚ 29, ਵਨਡੇ ਵਿਚ 23 ਅਤੇ ਟੈਸਟ ਮੈਚ ਵਿਚ 9 ਵਿਕਟਾਂ ਅਪਣੇ ਨਾਂਅ ਕਰ ਚੁੱਕੀ ਹੈ। ਹਰਮਨਪ੍ਰੀਤ ਕੌਰ ਮਹਿਲਾ ਟੀ20 ਇੰਟਰਨੈਸ਼ਨਲ ਵਿਚ ਸੈਂਕੜੇ ਲਗਾਉਣ ਵਾਲੀ ਇਕਲੌਤੀ ਭਾਰਤੀ ਹੈ। ਹਾਲਾਂਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਹੁਣ ਤੱਕ ਟੀ-20 ਇੰਟਰਨੈਸ਼ਨਲ ਵਿਚ ਸੈਂਕੜਾ ਨਹੀਂ ਲਗਾ ਸਕੇ।