IPL 2024: ਮੁੰਬਈ ਇੰਡੀਅਨਜ਼ ਨੇ ਦਰਜ ਕੀਤੀ ਸੀਜ਼ਨ ਦੀ ਪਹਿਲੀ ਜਿੱਤ; ਦੂਜੇ ਮੈਚ ਵਿਚ ਲਖਨਊ ਨੇ ਗੁਜਰਾਤ ਨੂੰ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਡਬਲ ਹੈਡਰ ਦੇ ਪਹਿਲੇ ਮੈਚ 'ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

IPL 2024 Match 20 & 21 – MI Vs DC & LSG Vs GT

IPL 2024: ਮੁੰਬਈ ਇੰਡੀਅਨਜ਼ (MI) ਨੇ ਇੰਡੀਅਨ ਪ੍ਰੀਮੀਅਰ ਲੀਗ-2024 (IPL) ਵਿਚ ਅਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 20ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ (DC) ਨੂੰ 29 ਦੌੜਾਂ ਨਾਲ ਹਰਾਇਆ। ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਡਬਲ ਹੈਡਰ ਦੇ ਪਹਿਲੇ ਮੈਚ 'ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 20 ਓਵਰਾਂ 'ਚ 5 ਵਿਕਟਾਂ 'ਤੇ 234 ਦੌੜਾਂ ਬਣਾਈਆਂ। ਜਵਾਬ 'ਚ ਦਿੱਲੀ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 205 ਦੌੜਾਂ ਹੀ ਬਣਾ ਸਕੀ।

ਮੁੰਬਈ ਦੀ ਪਾਰੀ ਦੇ ਆਖਰੀ ਓਵਰ ਵਿਚ 32 ਦੌੜਾਂ ਬਣੀਆਂ ਸਨ। ਰੋਮੀਓ ਸ਼ੇਫਰਡ ਨੇ ਐਨਰਿਕ ਨੌਰਟੀਆ ਦੀਆਂ ਸਾਰੀਆਂ 6 ਗੇਂਦਾਂ 'ਤੇ 4 ਛੱਕੇ ਅਤੇ 2 ਚੌਕੇ ਲਗਾਏ। ਸ਼ੈਫਰਡ ਨੇ 10 ਗੇਂਦਾਂ 'ਤੇ 39 ਦੌੜਾਂ ਅਤੇ ਟਿਮ ਡੇਵਿਡ ਨੇ 21 ਗੇਂਦਾਂ 'ਤੇ 45 ਦੌੜਾਂ ਬਣਾਈਆਂ। ਦੋਵਾਂ ਨੇ 53 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਰੋਹਿਤ ਸ਼ਰਮਾ ਨੇ 49 ਅਤੇ ਈਸ਼ਾਨ ਕਿਸ਼ਨ ਨੇ 42 ਦੌੜਾਂ ਬਣਾਈਆਂ। ਕਪਤਾਨ ਹਾਰਦਿਕ ਪੰਡਯਾ ਨੇ 33 ਗੇਂਦਾਂ 'ਤੇ 39 ਦੌੜਾਂ ਬਣਾਈਆਂ। ਅਕਸ਼ਰ ਪਟੇਲ ਨੇ ਦੋ ਵਿਕਟਾਂ ਲਈਆਂ।

ਲਖਨਊ ਦੀ ਸੀਜ਼ਨ ਵਿਚ ਲਗਾਤਾਰ ਤੀਜੀ ਜਿੱਤ

ਉਧਰ ਲਖਨਊ ਸੁਪਰਜਾਇੰਟਸ (LSG) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਸੀਜ਼ਨ ਵਿਚ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ ਹੈ। ਟੀਮ ਨੇ 21ਵੇਂ ਮੈਚ ਵਿਚ ਗੁਜਰਾਤ ਟਾਈਟਨਜ਼ (GT) ਨੂੰ 33 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਐਲਐਸਜੀ ਨੇ ਬੰਗਲੁਰੂ ਅਤੇ ਪੰਜਾਬ ਨੂੰ ਵੀ ਹਰਾਇਆ ਸੀ।

ਏਕਾਨਾ ਸਟੇਡੀਅਮ 'ਚ ਐਤਵਾਰ ਨੂੰ ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ 'ਚ 5 ਵਿਕਟਾਂ 'ਤੇ 163 ਦੌੜਾਂ ਬਣਾਈਆਂ। ਜਵਾਬ ਵਿਚ ਗੁਜਰਾਤ ਦੀ ਟੀਮ 18.5 ਓਵਰਾਂ ਵਿਚ 130 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਟੀਮ ਵਲੋਂ ਸਾਈ ਸੁਦਰਸ਼ਨ ਨੇ ਸੱਭ ਤੋਂ ਵੱਧ 31 ਦੌੜਾਂ ਬਣਾਈਆਂ। ਲਖਨਊ ਵਲੋਂ ਯਸ਼ ਠਾਕੁਰ ਨੇ 5 ਵਿਕਟਾਂ ਲਈਆਂ ਜਦਕਿ ਕਰੁਣਾਲ ਪੰਡਯਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।

(For more Punjabi news apart from IPL 2024 Match 20 & 21 – MI Vs DC & LSG Vs GT, stay tuned to Rozana Spokesman)