ਖੇਡ ਮੰਤਰੀ ਰਾਣਾ ਸੋਢੀ ਵੱਲੋਂ ਹਾਕੀ ਵਿਸ਼ਵ ਕੱਪ ਲਈ ਚੁਣੀ ਭਾਰਤੀ ਟੀਮ ਨੂੰ ਸ਼ੁੱਭ ਇੱਛਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

14ਵਾਂ ਵਿਸ਼ਵ ਕੱਪ 28 ਨਵੰਬਰ ਤੋਂ 16 ਦਸੰਬਰ 2018 ਤੱਕ ਭੁਬਨੇਸ਼ਵਰ (ਉੜੀਸਾ) ਵਿਖੇ ਖੇਡਿਆ ਜਾ ਰਿਹਾ ਹੈ ਜਿਸ ਵਿੱਚ ਭਾਰਤੀ ਟੀਮ ਪੂਲ ਸੀ ਵਿੱਚ ਹੈ।

, Indian team for Hockey World Cup

ਚੰਡੀਗੜ੍ਹ, (ਸ.ਸ.ਸ.ਸ) : ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸੇ ਮਹੀਨੇ ਖੇਡੇ ਜਾਣ ਵਾਲੇ ਹਾਕੀ ਵਿਸ਼ਵ ਕੱਪ ਲਈ ਅੱਜ ਐਲਾਨੀ ਭਾਰਤੀ ਹਾਕੀ ਟੀਮ ਨੂੰ ਚੰਗੇ ਪ੍ਰਦਰਸ਼ਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਹਨ। ਭਾਰਤ ਦੀ 18 ਮੈਂਬਰੀ ਟੀਮ ਦਾ ਅੱਜ ਐਲਾਨ ਕੀਤਾ ਗਿਆ ਹੈ ਜਿਸ ਦਾ ਕਪਤਾਨ ਮਨਪ੍ਰੀਤ ਸਿੰਘ ਨੂੰ ਚੁਣਿਆ ਗਿਆ ਹੈ। 14ਵਾਂ ਵਿਸ਼ਵ ਕੱਪ 28 ਨਵੰਬਰ ਤੋਂ 16 ਦਸੰਬਰ 2018 ਤੱਕ ਭੁਬਨੇਸ਼ਵਰ (ਉੜੀਸਾ) ਵਿਖੇ ਖੇਡਿਆ ਜਾ ਰਿਹਾ ਹੈ ਜਿਸ ਵਿੱਚ 16 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਭਾਰਤੀ ਟੀਮ ਪੂਲ ਸੀ ਵਿੱਚ ਹੈ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਣੇ 9 ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ  ਦੱਸਿਆ ਕਿ ਟੀਮ ਵਿੱਚ ਸ਼ਾਮਲ ਕਪਤਾਨ ਮਨਪ੍ਰੀਤ ਸਿੰਘ ਤੋਂ ਇਲਾਵਾ ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ ਤੇ ਕ੍ਰਿਸ਼ਨ ਬਹਾਦਰ ਪਾਠਕ ਪੰਜਾਬ ਦੇ ਖਿਡਾਰੀ ਹਨ।

ਖੇਡ ਮੰਤਰੀ ਨੇ ਸਮੁੱਚੀ ਟੀਮ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਟੀਮ ਬਿਹਤਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਉਨ੍ਹਾਂ ਟੀਮ ਦੇ ਚੰਗੇ ਪ੍ਰਦਰਸ਼ਨ ਦੀ ਕਾਮਨਾ ਕਰਦਿਆਂ ਕਿਹਾ ਕਿ ਹਾਕੀ ਵਿੱਚ ਭਾਰਤ ਨੇ ਪਿਛਲੇ ਸਮੇਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਅਤੇ ਵਿਸ਼ਵ ਕੱਪ ਵਿੱਚ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਨ ਦਾ ਮੇਜ਼ਬਾਨ ਟੀਮ ਕੋਲ ਸੁਨਹਿਰੀ ਮੌਕਾ ਹੈ।