IPL 2019: ਪਿਛਲੀ ਹਾਰ ਦਾ ਬਦਲਾ ਲੈਣ ਲਈ ਮੁੰਬਈ ਟੀਮ ਦਾ ਪੰਜਾਬ ਨਾਲ ਹੋਵੇਗਾ ਫਸਵਾਂ ਮੁਕਾਬਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤਿੰਨ ਵਾਰ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਆਈ.ਪੀ.ਐਲ-12 ਵਿਚ ਉਤਰਾਅ-ਚੜ੍ਹਾਅ ਤੋਂ ਲੰਘ ਰਹੀ ਹੈ...

Mumbai Indian with Kings 11 Punjab

ਨਵੀਂ ਦਿੱਲੀ : ਤਿੰਨ ਵਾਰ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਆਈ.ਪੀ.ਐਲ-12 ਵਿਚ ਉਤਰਾਅ-ਚੜ੍ਹਾਅ ਤੋਂ ਲੰਘ ਰਹੀ ਹੈ ਅਤੇ ਬੁੱਧਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨਾਲ ਘਰੇਲੂ ਮੈਦਾਨ ਉਤੇ ਪਿਛਲੀ ਹਾਰ ਦਾ ਬਦਲਾ ਲੈਣ ਦੇ ਨਾਲ ਹੀ ਅਪਣੀ ਸਥਿਤੀ ਮਜ਼ਬੂਤ ਕਰਨ ਲਈ ਉਤਰੇਗੀ। ਮੁੰਬਈ ਨੇ ਪਿਛਲੇ ਪੰਜ ਮੈਚਾਂ ਵਿਚੋਂ 3 ਜਿੱਤੇ ਹਨ ਤੇ 2 ਹਾਰੇ ਹਨ।

ਉਹ 6 ਅੰਕ ਲੈ ਕੇ ਅਜੇ 5ਵੇਂ ਨੰਬਰ ‘ਤੇ ਹੈ, ਜਦਕਿ ਕਿੰਗਜ਼ ਇਲੈਵਨ ਪੰਜਾਬ ਨੇ 6 ਮੈਚਾਂ ਵਿਚੋਂ 4 ਜਿੱਤੇ ਹਨ ਅਤੇ 2 ਹਾਰੇ ਹਨ ਤੇ 8 ਅੰਕਾਂ ਨਾਲ ਉਹ ਤੀਜੇ ਨੰਬਰ ਉਤੇ ਸੁਖਦਾਇਕ ਸਥਿਤੀ ਵਿਚ ਹੈ। ਪੰਜਾਬ ਨੇ ਅਪਣਾ ਪਿਛਲਾ ਮੈਚ ਘਰੇਲੂ ਮੋਹਾਲੀ ਗਰਾਉਂਡ ਉਤੇ ਸਨਰਾਈਜ਼ਰਜ਼ ਹੈਦਰਾਬਾਦ ਤੋਂ 6 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਮੁੰਬਈ ਨੇ ਵੀ ਆਪਣਾ ਪਿਛਲਾ ਮੈਚ ਹੈਦਰਾਬਾਦ ਵਿਰੁੱਧ 40 ਦੌੜਾਂ ਨਾਲ ਜਿੱਤਿਆ ਸੀ।

ਮੌਜੂਦਾ ਸੈਸ਼ਨ ਵਿਚ ਪੰਜਾਬ ਦੀ ਟੀਮ ਮੁੰਬਈ ਨੂੰ ਆਪਣੇ ਘਰੇਲੂ ਮੋਹਾਲ ਗਰਾਉਂਡ ਉਤੇ 8 ਵਿਕਟਾਂ ਨਾਲ ਹਰਾ ਚੁੱਕੀ ਹੈ ਤੇ ਇਸ ਵਾਰ ਮੁੰਬਈ ਦੀ ਕੋਸ਼ਿਸ਼ ਅਪਣੇ ਘਰੇਲੂ ਵਾਨਖੇੜੇ ਮੈਦਾਨ ਵਿਚ ਪਿਛਲੀ ਹਾਰ ਦਾ ਬਦਲਾ ਲੈਣ ਦੀ ਹੋਵੇਗੀ ਤੇ ਨਾਲ ਹੀ ਉਸ ਦਾ ਟੀਚਾ ਹੋਵੇਗਾ ਕਿ ਅੰਕ ਸੂਚੀ ਵਿਚ ਅਪਣੀ ਸਥਿਤੀ ਵਿਚ ਸੁਧਾਰ ਕੀਤਾ ਜਾਵੇ।