ਆਈਪੀਐਲ: ਚੇਨਈ ਅਤੇ ਦਿੱਲੀ ਦੇ ਮੁਕਾਬਲੇ ਵਿਚ ‘ਚੇਲੇ’ ਪੰਤ ਅਤੇ ਗੁਰੂ ‘ਧੋਨੀ’ ਵਿਚਾਲੇ ਹੋਵੇਗੀ ਟੱਕਰ

ਏਜੰਸੀ

ਖ਼ਬਰਾਂ, ਖੇਡਾਂ

ਮੇਰੇ ਲਈ ਇਹ ਚੰਗਾ ਤਜ਼ਰਬਾ ਹੋਵੇਗਾ - ਪੰਤ

Chennai Super Kings v Delhi Capitals

ਮੁੰਬਈ: ਰਿਸ਼ਭ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲ ਅਤੇ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਸਨਿਚਰਵਾਰ ਨੂੰ ਆਈਪੀਐਲ ਦੇ ਮੈਚ ਵਿਚ ਜਦੋਂ ਆਹਮੋ-ਸਾਹਮਣੇ ਹੋਣਗੇ ਤਾਂ ਇਹ ਮੁਕਾਬਲਾ ‘‘ਇਕ ਨੌਜਵਾਨ ਚੇਲੇ ਅਤੇ ਉਸ ਦੇ ਉਸਤਾਦ’’ ਦਾ ਵੀ ਹੋਵੇਗਾ। ਦਿੱਲੀ ਦੀ ਟੀਮ ਯੂਏਈ ਵਿਚ ਖੇਡੇ ਗਏ ਪਿਛਲੇ ਸਤਰ ਵਿਚ ਉਪ ਜੇਤੂ ਰਹੀ ਸੀ। ਇਸ ਵਾਰ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਸਦਾ ਟੀਚਾ ਜਿੱਤ ਨਾਲ ਸ਼ੁਰੂਆਤ ਕਰਨ ਦਾ ਹੋਵੇਗਾ।

ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਪਿਛਲੇ ਸਾਲ ਅੱਠ ਟੀਮਾਂ ਵਿਚ ਸਤਵੇਂ ਸਥਾਨ ’ਤੇ ਰਹੀ। ਉਸ ਖ਼ਰਾਬ ਪ੍ਰਦਰਸ਼ਨ ਨੂੰ ਭੁਲਾਉਣ ਲਈ ਆਈਪੀਐਲ ਦੀ ਧੱਕੜ ਟੀਮ ਜਿੱਤ ਨਾਲ ਆਗ਼ਾਜ਼ ਕਰਨਾ ਚਾਹੇਗੀ। ਜ਼ਖ਼ਮੀ ਸ਼ਰੇਅਸ ਅਈਅਰ ਦੀ ਗ਼ੈਰ ਮੌਜੂਦਗੀ ਵਿਚ ਕਪਤਾਨੀ ਕਰ ਰਹੇ ਵਿਕਟ ਕੀਪਰ ਬੱਲੇਬਾਜ਼ ਪੰਤ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਪਹਿਲੇ ਮੈਚ ਵਿਚ ਧੋਨੀ ਤੋਂ ਹੁਣ ਤਕ ਮਿਲੀ ਸਾਰੀ ਸਿਖਿਆ ਦਾ ਇਸਤੇਮਾਲ ਕਰਨਗੇ।

ਉਨ੍ਹਾਂ ਕਿਹਾ ਸੀ,‘‘ਬਤੌਰ ਕਪਤਾਨ ਮੇਰਾ ਪਹਿਲਾ ਮੈਚ ਮਾਹੀ ਭਰਾ ਵਿਰੁਧ ਹੈ। ਮੇਰੇ ਲਈ ਇਹ ਚੰਗਾ ਤਜ਼ਰਬਾ ਹੋਵੇਗਾ ਕਿਉਂਕਿ ਮੈਂ ਉਨ੍ਹਾਂ ਤੋਂ ਬਹੁਤ ਕੁੱਝ ਸਿਖਿਆ ਹੈ। ਮੈਂ ਅਪਣੇ ਤਜ਼ਰਬੇ ਅਤੇ ਉਨ੍ਹਾਂ ਤੋਂ ਮਿਲੀ ਸਿਖਿਆ ਦਾ ਪੂਰਾ ਇਸਤੇਮਾਲ ਕਰਾਂਗਾ।’’ ਦਿੱਲੀ ਕੋਲ ਸ਼ਿਖਰ ਧਵਨ, ਪ੍ਰਿਥਵੀ ਸਾਵ, ਅਜਿੰਕਾ ਰਹਾਣੇ, ਸਟੀਵ ਸਮਿਥ ਅਤੇ ਪੰਤ ਵਰਗੇ ਬੱਲੇਬਾਜ਼ ਹਨ। ਧਵਨ (618) ਪਿਛਲੇ ਆਈਪੀਐਲ ਵਿਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਨੰਬਰ ’ਤੇ ਸਨ। ਗੇਂਦਬਾਜ਼ੀ ਵਿਚ ਉਨ੍ਹਾਂ ਕੋਲ ਇਸ਼ਾਂਤ ਸ਼ਰਮਾ, ਕੈਗਿਸੋ ਰਬਾੜਾ, ਉਮੇਸ਼ ਯਾਦਵ, ਕ੍ਰਿਸ ਵੋਕਸ ਅਤੇ ਐਨਰਿਚ ਨੋਕਰਿਆ ਹੈ।

ਦੂਜੇ ਪਾਸੇ ਚੇਨਈ ਟੀਮ ਵਿਚ ਤਜ਼ਰਬੇਕਾਰ ਬੱਲੇਬਾਜ਼ ਸੁਰੇਸ਼ ਰੈਨਾ ਦੀ ਵਾਪਸੀ ਹੋਈ ਹੈ ਜੋ ਆਈਪੀਐਲ ਵਿਚ 5368 ਦੌੜਾਂ ਬਣਾ ਚੁਕੇ ਹਨ। ਚੇਨਈ ਦੇ ਚੋਟੀ ਕ੍ਰਮ ਵਿਚ ਰਤੂਰਾਜ ਗਾਇਕਵਾੜ, ਫ਼ਾਫ਼ ਡੂ ਪਲੇਸੀ ਅਤੇ ਅੰਬਾਤੀ ਰਾਇਡੂ ਵੀ ਹਨ। ਨੌਜਵਾਨ ਸੈਮ ਕੁਰੇਨ, ਮੋਈਨ ਅਲੀ ਅਤੇ ਧੋਨੀ ਮੱਧ ਕ੍ਰਮ ਨੂੰ ਮਜ਼ਬੂਤੀ ਦੇਣਗੇ। ਗੇਂਦਬਾਜ਼ੀ ਵਿਚ ਸ਼ਾਰਦੁਲ ਠਾਕੁਰ ਜ਼ਬਰਦਸਤ ਫ਼ਾਰਮ ਵਿਚ ਹਨ। ਦੀਪਕ ਚਾਹਰ ਅਤੇ ਰਵਿੰਦਰ ਜਡੇਜਾ ਬੱਲੇਬਾਜ਼ੀ ਵਿਚ ਵੀ ਯੋਗਦਾਨ ਦੇ ਸਕਦੇ ਹਨ।