ਏਸ਼ੀਆਈ ਅੰਡਰ-19 ਮੁੱਕੇਬਾਜ਼ੀ : ਨਿਸ਼ਾ, ਮੁਸਕਾਨ ਅਤੇ ਰਾਹੁਲ ਨੇ ਸੋਨ ਤਮਗਾ ਜਿੱਤਿਆ
ਤਿੰਨ ਸੋਨ ਤਮਗੇ ਤੋਂ ਇਲਾਵਾ ਭਾਰਤ ਨੇ ਸੱਤ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਵੀ ਜਿੱਤੇ
ਬੈਂਕਾਕ : ਏਸ਼ੀਆਈ ਅੰਡਰ-19 ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਨੌਜੁਆਨ ਮਹਿਲਾ ਮੁੱਕੇਬਾਜ਼ ਨਿਸ਼ਾ ਅਤੇ ਮੁਸਕਾਨ ਨੇ ਸੋਨ ਤਗਮੇ ਜਿੱਤ ਕੇ ਅਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਜਦਕਿ ਪੁਰਸ਼ ਵਰਗ ’ਚ ਰਾਹੁਲ ਕੁੰਡੂ ਨੇ ਪੋਡੀਅਮ ਉਤੇ ਪਹਿਲਾ ਸਥਾਨ ਹਾਸਲ ਕੀਤਾ। ਤਿੰਨ ਸੋਨ ਤਮਗੇ ਤੋਂ ਇਲਾਵਾ ਭਾਰਤ ਨੇ ਸੱਤ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਵੀ ਜਿੱਤੇ।
ਅੰਡਰ-19 ਵਰਗ ’ਚ ਹਿੱਸਾ ਲੈਣ ਵਾਲੀਆਂ 10 ਮਹਿਲਾ ਮੁੱਕੇਬਾਜ਼ਾਂ ਵਿਚੋਂ 9 ਤਮਗੇ ਜਿੱਤਣਗੀਆਂ, ਜਿਨ੍ਹਾਂ ’ਚ 2 ਸੋਨੇ, 5 ਚਾਂਦੀ ਅਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ। ਨਿਸ਼ਾ ਨੇ 54 ਕਿਲੋਗ੍ਰਾਮ ਵਰਗ ’ਚ ਚੀਨ ਦੀ ਸਿਰੂਈ ਯਾਂਗ ਨੂੰ 4-1 ਨਾਲ ਹਰਾਇਆ ਜਦਕਿ ਮੁਸਕਾਨ (57 ਕਿਲੋਗ੍ਰਾਮ) ਨੇ ਹਮਲਾਵਰ ਇਰਾਦੇ ਨਾਲ ਖੇਡਦਿਆਂ ਕਜ਼ਾਖਸਤਾਨ ਦੀ ਅਯਾਜ਼ਾਨ ਇਰਮੇਕ ਦੀ ਚੁਨੌਤੀ ਨੂੰ 3-2 ਨਾਲ ਹਰਾਇਆ।
ਆਰਤੀ ਕੁਮਾਰੀ (75 ਕਿਲੋਗ੍ਰਾਮ) ਫਾਈਨਲ ’ਚ ਚੀਨ ਦੀ ਟੋਂਗਟੋਂਗ ਗੁ ਤੋਂ ਹਾਰ ਗਈ ਜਦਕਿ ਕ੍ਰਿਤਿਕਾ ਵਾਸਨ (80 ਕਿਲੋਗ੍ਰਾਮ) ਦੀ ਕੋਸ਼ਿਸ਼ ਕਜ਼ਾਖਸਤਾਨ ਦੀ ਕੁਰਾਲੇ ਯੇਗਿਨਬਾਈਕੀਜ਼ੀ ਤੋਂ 2-3 ਨਾਲ ਹਾਰ ਤੋਂ ਬਚਣ ਲਈ ਕਾਫੀ ਨਹੀਂ ਸੀ। ਪਾਰਚੀ ਟੋਕਾਸ (80+ ਕਿਲੋਗ੍ਰਾਮ) ਨੂੰ ਉਜ਼ਬੇਕਿਸਤਾਨ ਦੀ ਸੋਬੀਰਾਖੋਨ ਸ਼ਾਖੋਬਿਦੀਨੋਵਾ ਤੋਂ ਬਰਾਬਰ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਨੀ ਨੂੰ 60 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ’ਚ ਉਜ਼ਬੇਕਿਸਤਾਨ ਦੀ ਸੇਵਰਾ ਮਾਮਾਤੋਵਾ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਜਾਪਾਨ ਦੀ ਅਰਿੰਦਾ ਅਕੀਮੋਟੋ ਨੇ 65 ਕਿਲੋਗ੍ਰਾਮ ਦੇ ਫਾਈਨਲ ਮੁਕਾਬਲੇ ’ਚ ਨਿਸ਼ਾ ਨੂੰ 4-1 ਨਾਲ ਹਰਾਇਆ। ਯਸ਼ਿਕਾ (51 ਕਿਲੋਗ੍ਰਾਮ), ਅਕਾਂਕਸ਼ਾ ਫਲਾਸਵਾਲ (70 ਕਿਲੋਗ੍ਰਾਮ) ਨੇ ਕਾਂਸੀ ਦਾ ਤਗਮਾ ਜਿੱਤਿਆ।
ਪੁਰਸ਼ਾਂ ਦੇ 75 ਕਿਲੋਗ੍ਰਾਮ ਵਰਗ ’ਚ ਰਾਹੁਲ ਕੁੰਡੂ ਨੇ ਉਜ਼ਬੇਕਿਸਤਾਨ ਦੇ ਸ਼ਕਤੀਸ਼ਾਲੀ ਖਿਡਾਰੀ ਮੁਹੰਮਦ ਜੋਨ ਯਾਕੁਪਬੋਵੇਕ ਨੂੰ 4-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਮੌਸਮ ਸੁਹਾਗ 65 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ’ਚ ਉਜ਼ਬੇਕਿਸਤਾਨ ਦੇ ਜਾਖੋਂਗੀਰ ਜ਼ੈਨੀਦੀਨੋਵ ਤੋਂ ਹਾਰ ਗਏ ਜਦਕਿ ਹੇਮੰਤ ਸਾਂਗਵਾਨ ਨੂੰ ਕਜ਼ਾਖਸਤਾਨ ਦੇ ਰਸੂਲ ਅਸੰਖਾਨੋਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼ਿਵਮ (55 ਕਿਲੋਗ੍ਰਾਮ) ਅਤੇ ਗੌਰਵ (85 ਕਿਲੋਗ੍ਰਾਮ) ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਨੇ ਅੰਡਰ 22 ਵਰਗ ਵਿਚ 13 ਤਮਗੇ ਵੀ ਪੱਕੇ ਕਰ ਲਏ ਹਨ ਅਤੇ ਪੰਜ ਮੁੱਕੇਬਾਜ਼ ਸੋਮਵਾਰ ਨੂੰ ਸੋਨੇ ਲਈ ਲੜਨਗੇ। ਭਾਰਤ ਨੇ ਅੰਡਰ-19 ਅਤੇ ਅੰਡਰ-22 ਮਹਾਂਦੀਪ ਮੁਕਾਬਲੇ ’ਚ 40 ਮੈਂਬਰੀ ਦਲ ਨੂੰ ਮੈਦਾਨ ’ਚ ਉਤਾਰਿਆ ਹੈ।