ਮਹਿਲਾ ਟੀ-20 ਵਰਲਡ ਕੱਪ ਵਿਚ ਭਾਰਤ ਦੀ ਧਮਾਕੇਦਾਰ ਸ਼ੁਰੂਆਤ, ਨਿਊਜੀਲੈਂਡ ਨੂੰ 34 ਦੌੜਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਨੇ ਆਈ.ਸੀ.ਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁਪ ਬੀ ਦੇ ਅਪਣੇ ਪਹਿਲੇ ਮੁਕਾਬਲੇ ਵਿਚ ਨਿਊਜੀਲੈਂਡ.....

India Women Cricket Team

ਗਯਾਨਾ ( ਪੀ.ਟੀ.ਆਈ ): ਭਾਰਤ ਨੇ ਆਈ.ਸੀ.ਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁਪ ਬੀ ਦੇ ਅਪਣੇ ਪਹਿਲੇ ਮੁਕਾਬਲੇ ਵਿਚ ਨਿਊਜੀਲੈਂਡ ਨੂੰ 34 ਦੌੜਾਂ ਦੇ ਫ਼ਰਕ ਨਾਲ ਹਰਾ ਦਿਤਾ ਹੈ। ਭਾਰਤ ਦੇ 194 ਦੌੜਾਂ ਦੇ ਜਵਾਬ ਵਿਚ ਨਿਊਜੀਲੈਂਡ ਦੀ ਟੀਮ ਨਿਰਧਾਰਤ 20 ਓਵਰਾਂ ਵਿਚ 9 ਵਿਕੇਟਾਂ ਉਤੇ 160 ਦੌੜਾਂ ਹੀ ਬਣਾ ਪਾਈ। ਭਾਰਤੀ ਟੀਮ ਦੀ ਜਿੱਤ ਵਿਚ ਕਪਤਾਨ ਹਰਮਨਪ੍ਰੀਤ ਕੌਰ ਅਤੇ ਜੇਮਿਮਾ ਰੋਡ੍ਰਿਗਜ਼ਦੀ ਅਹਿਮ ਭੂਮਿਕਾ ਰਹੀ। ਹਰਮਨਪ੍ਰੀਤ ਕੌਰ ਨੇ ਜਿਥੇ ਤੂਫਾਨੀ ਪਾਰੀ ਖੇਡਦੇ ਹੋਏ 103 ਦੌੜਾਂ ਬਣਾਈਆਂ ਤਾਂ ਉਥੇ ਹੀ ਜੇਮਿਮਾ ਰੋਡ੍ਰਿਗਜ਼ ਨੇ 59 ਦੌੜਾਂ ਦੀ ਪਾਰੀ ਖੇਡੀ। 

ਦੋਨਾਂ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ 5 ਵਿਕੇਟ ਦੇ ਨੁਕਸਾਨ ‘ਤੇ 194 ਦੌੜਾਂ ਬਣਾਈਆਂ। ਹਰਮਨਪ੍ਰੀਤ ਨੇ ਅਪਣੀ ਪਾਰੀ ਵਿਚ 8 ਛੱਕੇ ਅਤੇ 7 ਚੌਕੇ ਲਗਾਏ। ਉਨ੍ਹਾਂ ਨੇ 51 ਗੇਂਦਾਂ ਵਿਚ ਸ਼ਾਨਦਾਰ 103 ਦੌੜਾਂ ਬਣਾਈਆਂ। ਦੱਸ ਦਈਏ ਕਿ ਇਸ ਦੇ ਨਾਲ ਹੀ ਹਰਮਨਪ੍ਰੀਤ ਕੌਰ ਟੀ-20 ਵਿਚ ਸੈਂਕੜਾ ਲਗਾਉਣ ਵਾਲੀ ਪਹਿਲੀ ਮਹਿਲਾ ਭਾਰਤੀ ਖਿਡਾਰੀ ਬਣ ਗਈ ਹੈ। ਹਰਮਨਪ੍ਰੀਤ ਦਾ ਟੀ-20 ਵਿਚ ਇਹ ਪਹਿਲਾ ਸੈਂਕੜਾ ਹੈ। ਉਸ ਨੇ 89ਵੇਂ ਮੈਚ ਵਿਚ ਜਾ ਕੇ ਅਪਣਾ ਪਹਿਲਾ ਸੈਂਕੜਾ ਬਣਾਇਆ। ਇਸ ਤੋਂ ਪਹਿਲਾਂ ਟੀ-20 ਵਿਚ ਉਸ ਦਾ ਸਰਵਸ੍ਰੇਸ਼ਠ ਸਕੋਰ 77 ਦੌੜਾਂ ਸੀ।

ਪਿਛਲੇ ਸਾਲ ਇੰਗਲੈਂਡ ਵਿਚ ਹੋਏ 50 ਓਵਰਾਂ ਦੇ ਵਿਸ਼ਵ ਕੱਪ ਵਿਚ ਆਸਟਰੇਲੀਆ ਵਿਰੁੱਧ ਅਜੇਤੂ 171 ਦੌੜਾਂ ਬਣਾਉਣ ਵਾਲੀ ਪੰਜਾਬ ਦੇ ਮੋਗਾ ਸ਼ਹਿਰ ਦੀ ਹਰਮਨਪ੍ਰੀਤ ਨੇ ਕੀਵੀ ਗੇਂਦਬਾਜ਼ਾਂ ਦੀ ਰੱਝ ਕੇ ਧੁਲਾਈ ਕੀਤੀ। ਭਾਰਤੀ ਕਪਤਾਨ ਨੇ ਆਪਣੀਆਂ 50 ਦੌੜਾਂ 33 ਗੇਂਦਾਂ ਵਿਚ ਪੂਰੀਆਂ ਕਰ ਲਈਆਂ ਸਨ। ਉਸ ਨੇ 100 ਦੌੜਾਂ 49 ਗੇਂਦਾਂ ਵਿਚ ਪੂਰੀਆਂ ਕੀਤੀਆਂ। ਹਰਮਨਪ੍ਰੀਤ ਨੇ 50 ਤੋਂ 100 ਦੌੜਾਂ ਤਕ ਪਹੁੰਚਣ ਲਈ ਸਿਰਫ 16 ਗੇਂਦਾਂ ਖੇਡੀਆਂ ਤੇ ਇਸ ਦੌਰਾਨ ਉਸ ਨੇ ਚਾਰ ਚੌਕੇ ਤੇ ਚਾਰ ਛੱਕੇ ਲਾਏ।

ਓਪਨਰ ਤਾਨੀਆ ਭਾਟੀਆ (9), ਤਜਰਬੇਕਾਰ ਸਮ੍ਰਿਤੀ ਮੰਧਾਨਾ (2) ਤੇ ਦਯਾਲਨ ਹਮੇਲਤਾ (15) ਦੀਆਂ ਵਿਕਟਾਂ ਸਿਰਫ 40 ਦੌੜਾਂ 'ਤੇ ਡਿੱਗ ਜਾਣ ਤੋਂ ਬਾਅਦ ਹਰਮਨਪ੍ਰੀਤ ਤੇ ਜੇਮਿਮਾ ਰੋਡ੍ਰਿਗਜ਼ (59) ਨੇ ਚੌਥੀ ਵਿਕਟ ਲਈ 134 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ ਸੁਰੱਖਿਅਤ ਸਥਿਤੀ ਵਿਚ ਪਹੁੰਚਾਇਆ। ਰੋਡ੍ਰਿਗਜ਼ ਨੇ 45 ਗੇਂਦਾਂ 'ਤੇ 59 ਦੌੜਾਂ ਦੀ ਪਾਰੀ ਵਿਚ 7 ਚੌਕੇ ਲਾਏ। ਭਾਰਤੀ ਮਹਿਲਾ ਟੀਮ ਦੀਆਂ ਸਾਰੀਆਂ ਖਿਡਾਰਨਾਂ ਚੰਗੀ ਲੈਅ ਵਿਚ ਦਿਖਾਈ ਦੇ ਰਹੀਆਂ ਹਨ।