ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੀ ਨੌਕਰੀ ਤੋਂ ਹੱਥ ਧੋਣੇ ਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਾਬ ਸਰਕਾਰ ਨੇ ਮਹਿਲਾ ਕ੍ਰਿਕੇਟਰ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਲੈ ਲਿਆ ਹੈ..........

Harmanpreet Kaur

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮਹਿਲਾ ਕ੍ਰਿਕੇਟਰ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਲੈ ਲਿਆ ਹੈ। ਉਸ 'ਤੇ ਜਾਅਲੀ ਡਿਗਰੀ ਸਹਾਰੇ ਨੌਕਰੀ ਲੈਣ ਦਾ ਦੋਸ਼ ਹੈ। ਸਰਕਾਰ ਦੇ ਸੂਤਰਾਂ ਨੇ ਦਸਿਆ ਕਿ ਮਹਿਲਾ ਕ੍ਰਿਕੇਟਰ ਦੇ ਖ਼ਿਲਾਫ਼ ਕੋਈ ਫ਼ੌਜਦਾਰੀ ਕਾਰਵਾਈ ਤੋਂ ਗੁਰੇਜ਼ ਕੀਤਾ ਜਾਵੇਗਾ। ਟੀ20 ਵਿਸ਼ਵ ਕਪ 'ਚ ਵਧੀਆ ਪ੍ਰਦਰਸ਼ਨ ਲਈ ਹਰਮਨਪ੍ਰੀਤ ਨੂੰ ਡੀ.ਐਸ.ਪੀ. ਦਾ ਅਹੁਦਾ ਦਿਤਾ ਗਿਆ ਸੀ। ਸਰਕਾਰ ਅਤੇ ਪੁਲਿਸ ਦੇ ਸੂਤਰਾਂ ਦਾ ਦੱਸਣਾ ਹੈ ਕਿ ਉਸ ਨੇ ਡੀ.ਐਸ.ਪੀ. ਦੀ ਨੌਕਰੀ ਦੀ ਸ਼ਰਤ ਪੂਰੀ ਕਰਨ ਲਈ ਜਿਹੜੀ ਡਿਗਰੀ ਦਿਤੀ ਸੀ, ਉਹ ਜਾਅਲੀ ਨਿਕਲੀ ਹੈ।

ਪੰਜਾਬ ਪੁਲਿਸ ਦੇ ਇਕ ਪੱਤਰ ਦੇ ਜਵਾਬ 'ਚ ਚੌਧਰੀ ਚਰਨ ਸਿੰਘ ਯੂਨੀਵਰਸਟੀ ਮੇਰਠ ਨੇ ਸਪਸ਼ਟ ਕੀਤਾ ਹੈ ਕਿ ਉਸ ਦੀ ਬੀ.ਏ. ਦੀ ਡਿਗਰੀ ਅਸਲੀ ਨਹੀਂ ਹੈ ਅਤੇ ਉਹ ਕਦੇ ਵੀ ਯੂਨੀਵਰਸਟੀ ਦੀ ਵਿਦਿਆਰਥਣ ਨਹੀਂ ਰਹੀ ਹੈ। ਰਾਜ ਸਰਕਾਰ ਨੇ ਉਸ ਨੂੰ 12ਵੀਂ ਦੀ ਯੋਗਤਾ ਦੀ ਆਧਾਰ 'ਤੇ ਕਾਂਸਟੇਬਲ ਦੀ ਨੌਕਰੀ ਦੀ ਪੇਸ਼ਕਸ਼ ਕਰ ਦਿਤੀ ਹੈ। ਹਰਮਨਪ੍ਰੀਤ ਦੇ ਮੋਢਿਆਂ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡਾਇਰੈਕਟਰ ਜਨਰਲ ਪੁਲਿਸ ਸੁਰੇਸ਼ ਅਰੋੜਾ ਵਲੋਂ ਸਾਂਝੇ ਤੌਰ 'ਤੇ 1 ਮਾਰਚ 2018 ਨੂੰ  ਡੀ.ਐਸ.ਪੀ. ਦੀ ਫੀਤੀ ਲਗਾਈ ਗਈ ਸੀ। ਹਰਮਨਪ੍ਰੀਤ ਮੋਗਾ ਦੀ ਰਹਿਣ ਵਾਲੀ ਹੈ। ਇਸ ਤੋਂ ਪਹਿਲਾਂ ਉਹ ਭਾਰਤੀ ਰੇਲਵੇ ਵਿਚ ਸੁਪਰਡੈਂਟ ਦੇ ਅਹੁਦੇ 'ਤੇ ਤਾਇਨਾਤ ਸੀ।