ਪਹਿਲਵਾਨ ਨਿਸ਼ਾ ਦਹੀਆ ਦੀ ਮੌਤ ਦੀ ਫੈਲਾਈ ਜਾ ਰਹੀ ਝੂਠੀ ਖਬਰ, ਵੀਡੀਓ ਜਾਰੀ ਕਰ ਕਿਹਾ ਬਿਲਕੁਲ ਠੀਕ ਹਾਂ

ਏਜੰਸੀ

ਖ਼ਬਰਾਂ, ਖੇਡਾਂ

ਮਸ਼ਹੂਰ ਪਹਿਲਵਾਨ ਨਿਸ਼ਾ ਦਹੀਆ ਨੇ ਬੁੱਧਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹਨ।

Wrestler Nisha Dahiya issues video after death news

ਨਵੀਂ ਦਿੱਲੀ: ਮਸ਼ਹੂਰ ਪਹਿਲਵਾਨ ਨਿਸ਼ਾ ਦਹੀਆ ਨੇ ਬੁੱਧਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹਨ। ਦਰਅਸਲ ਨਿਸ਼ਾ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਇਸ ਤੋਂ ਬਾਅਦ ਨਿਸ਼ਾ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਬਿਲਕੁਲ ਠੀਕ ਹਨ।

ਵੀਡੀਓ ਵਿਚ ਨਿਸ਼ਾ ਦੇ ਨਾਲ ਉਲੰਪਿਕ ਖੇਡਾਂ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਵੀ ਦਿਖਾਈ ਦੇ ਰਹੀ ਹੈ। ਵੀਡੀਓ ਵਿਚ ਨਿਸ਼ਾ ਨੇ ਕਿਹਾ ਕਿ ਉਹ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਇਸ ਸਮੇਂ ਯੂਪੀ ਦੇ ਗੋਂਡਾ ਵਿਚ ਹੈ। ਨਿਊਜ਼ ਏਜੰਸੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਅੰਡਰ-33 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਨਿਸ਼ਾ ਦਹੀਆ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਉੱਤਰ ਪ੍ਰਦੇਸ਼ ਦੇ ਗੋਂਡਾ ਵਿਚ ਹੈ। ਇਸ ਤੋਂ ਬਾਅਦ ਸਾਕਸ਼ੀ ਮਲਿਕ ਨੇ ਟਵੀਟ ਕੀਤਾ ਕਿ ਨਿਸ਼ਾ ਦਹੀਆ ਜ਼ਿੰਦਾ ਹੈ।

ਦੂਜੇ ਪਾਸੇ ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਜਿਸ ਪਹਿਲਵਾਨ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਚੱਲ ਰਹੀ ਹੈ ਉਹ ਇਕ ਹੋਰ ਖਿਡਾਰੀ ਸੀ। ਸੋਨੀਪਤ ਦੇ ਐਸਪੀ ਰਾਹੁਲ ਸ਼ਰਮਾ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਸੋਨੀਪਤ ਵਿਚ ਇਕ ਮਹਿਲਾ ਪਹਿਲਵਾਨ ਅਤੇ ਉਸ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਗੋਲੀ ਲੱਗਣ ਤੋਂ ਬਾਅਦ ਉਸਦੀ ਮਾਂ ਨੂੰ ਵੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।"

ਉਸ ਨੇ ਦੱਸਿਆ, "ਮੈਡਲ ਜਿੱਤਣ ਵਾਲੀ ਨਿਸ਼ਾ ਦਹੀਆ ਅਤੇ ਮਾਰੀ ਗਈ ਪਹਿਲਵਾਨ ਨਿਸ਼ਾ ਦਹੀਆ ਦੋ ਵੱਖ-ਵੱਖ ਲੋਕ ਹਨ। ਮੈਡਲ ਜਿੱਤਣ ਵਾਲੀ ਨਿਸ਼ਾ ਪਾਣੀਪਤ ਦੀ ਰਹਿਣ ਵਾਲੀ ਹੈ ਅਤੇ ਅੱਜਕੱਲ੍ਹ ਇਕ ਈਵੈਂਟ ਵਿਚ ਮੌਜੂਦ ਹੈ।"