ਮਨਦੀਪ ਸਿੰਘ ਤੋਂ ਬਾਅਦ ਹਾਕੀ ਦੇ ਹੋਰ ਕੋਵਿਡ ਪਾਜ਼ੇਟਿਵ ਖਿਡਾਰੀ ਵੀ ਹਸਪਤਾਲ ਵਿਚ ਭਰਤੀ

ਏਜੰਸੀ

ਖ਼ਬਰਾਂ, ਖੇਡਾਂ

ਸਟ੍ਰਾਈਕਰ ਮਨਦੀਪ ਸਿੰਘ ਤੋਂ ਬਾਅਦ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹੋਰ ਹਾਕੀ ਖਿਡਾਰੀਆਂ ਨੂੰ ਵੀ ਸਾਵਧਾਨੀ ਵਜੋਂ ਬੰਗਲੁਰੂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Mandeep Singh

ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਸਟ੍ਰਾਈਕਰ ਮਨਦੀਪ ਸਿੰਘ ਤੋਂ ਬਾਅਦ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹੋਰ ਹਾਕੀ ਖਿਡਾਰੀਆਂ ਨੂੰ ਵੀ ਸਾਵਧਾਨੀ ਵਜੋਂ ਬੰਗਲੁਰੂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਪੋਰਟਸ ਅਥਾਰਟੀ ਆਫ ਇੰਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਮਨਦੀਪ ਸਿੰਘ ਵਿਚ ਇਸ ਬਿਮਾਰੀ ਦੇ ਲੱਛਣ ਨਹੀਂ ਦਿਖ ਰਹੇ ਸੀ ਪਰ ਖੂਨ ਵਿਚ ਆਕਸੀਜਨ ਦਾ ਪੱਧਰ ਘੱਟ ਹੋਣ ‘ਤੇ ਉਹਨਾਂ ਨੂੰ ਸੋਮਵਾਰ ਰਾਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਟੀਮ ਵਿਚੋਂ ਹੀ ਉਹਨਾਂ ਦੇ 5 ਹੋਰ ਸਾਥੀਆਂ ਨੂੰ ਵੀ ਮੰਗਲਵਾਰ ਨੂੰ ਉਸੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਸਪੋਰਟਸ ਅਥਾਰਟੀ ਆਫ ਇੰਡੀਆ ਨੇ ਕਿਹਾ, ‘ SAI ਨੇ 5 ਹੋਰ ਖਿਡਾਰੀਆਂ ਨੂੰ ਸਾਵਧਾਨੀ ਵਜੋਂ ਬੰਗਲੁਰੂ ਦੇ ਹਸਪਤਾਲ ਵਿਚ ਭਰਤੀ ਕਰਵਾਉਣ ਦਾ ਫੈਸਲਾ ਕੀਤਾ ਹੈ’। 20 ਅਗਸਤ ਤੋਂ ਸ਼ੁਰੂ ਹੋ ਰਹੇ ਰਾਸ਼ਟਰੀ ਕੈਂਪ ਲਈ ਬੰਗਲੁਰੂ ਪਹੁੰਚਣ ‘ਤੇ ਪਿਛਲੇ ਹਫ਼ਤੇ ਭਾਰਤੀ ਟੀਮ ਦੇ 6 ਖਿਡਾਰੀਆਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।

ਇਹਨਾਂ ਖਿਡਾਰੀਆਂ ਵਿਚ ਕਪਤਾਨ ਮਨਪ੍ਰੀਤ ਸਿੰਘ, ਸਟ੍ਰਾਈਕਰ ਮਨਦੀਪ ਸਿੰਘ, ਡਿਫੈਂਡਰ ਸੁਰਿੰਦਰ ਕੁਮਾਰ ਅਤੇ ਜਸਕਰਨ ਸਿੰਘ, ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਸ਼ਾਮਲ ਹਨ। ਸਾਈ ਨੇ ਕਿਹਾ ਕਿ ਖਿਡਾਰੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦਾ ਫੈਸਲਾ ਇਹ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਕਿ ਹਰ ਸਮੇਂ ਉਹਨਾਂ ਦੀ ਦੇਖਭਾਲ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਵਧੀਆ ਇਲਾਜ ਦਿੱਤਾ ਜਾ ਸਕੇ, ਸਾਰੇ 6 ਖਿਡਾਰੀਆਂ ਦੀ ਸਿਹਤ ਠੀਕ ਹੈ।

ਸਾਈ ਨੇ ਕਿਹਾ ਕਿ ਖਿਡਾਰੀਆਂ ਦੀ ਦਿਨ ਵਿਚ ਚਾਰ ਵਾਰ ਜਾਂਚ ਕੀਤੀ ਜਾ ਰਹੀ ਹੈ। ਸਾਰੀਆਂ ਮਹਿਲਾ ਖਿਡਾਰੀਆਂ ਨੈਗੇਟਿਵ ਪਾਈਆਂ ਗਈਆਂ ਹਨ ਅਤੇ ਟ੍ਰੇਨਿੰਗ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ।