ਗਾਂਗੁਲੀ ਹੋਣਗੇ ਬੀਸੀਸੀਆਈ ਦੇ ਅਗਲੇ ਮੁਖੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਗਲੇ ਮੁਖੀ ਹੋ ਸਕਦੇ ਹਨ..............

Sourav Ganguly

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਗਲੇ ਮੁਖੀ ਹੋ ਸਕਦੇ ਹਨ। ਸੁਪਰੀਮ ਕੋਰਟ ਵਲੋਂ ਜਸਟਿਸ ਆਰਐਸ ਲੋਢਾ ਕਮੇਟੀ ਦੀਆਂ ਕੁਝ ਸਿਫ਼ਾਰਸ਼ਾਂ ਨੂੰ ਵੱਖ ਰੱਖ ਕੇ ਬੀਸੀਸੀਆਈ ਦੇ ਨਵੇਂ ਸੰਵਿਧਾਨ ਦੇ ਮਸੌਦੇ ਨੂੰ ਮਨਜ਼ੂਰੀ ਮਿਲ ਗਈ ਹੈ। ਪਿਛਲੇ ਕੁਝ ਸਮੇਂ ਦੌਰਾਨ ਜਿਸ ਤਰ੍ਹਾਂ ਕ੍ਰਿਕਟ ਬੋਰਡ ਦੇ ਪ੍ਰਸ਼ਾਸਨ ਸਬੰਧੀ ਕੁਝ ਵਿਵਾਦ ਹੋਏ ਹਨ, ਅਜਿਹੇ 'ਚ ਭਾਰਤੀ ਬੋਰਡ ਦੀਆਂ ਨਿਗਾਹਾਂ ਮੁਖੀ ਅਹੁਦੇ ਲਈ ਇਕ ਅਜਿਹੇ ਵਿਅਕਤੀ ਦੀ ਤਲਾਸ਼ 'ਚ ਹਨ, ਜੋ ਬੋਰਡ ਦੀ ਇਜ਼ਤ ਨੂੰ ਬੇਹਤਰ ਕਰ ਸਕੇ ਅਤੇ ਮੈਨੇਜਮੈਂਟ ਨੂੰ ਬਾਖ਼ੂਬੀ ਸੰਭਾਲ ਸਕੇ।

ਨਵੇਂ ਸੰਵਿਧਾਨ ਮੁਕਾਬਕ ਲਾਗੂ ਕੀਤੇ ਗਏ ਕੂਲਿੰਗ ਆਫ਼ ਪੀਰੀਅਡ ਕਾਰਨ ਕਈ ਮੌਜੂਦਾ ਅਤੇ ਸਾਬਕਾ ਪ੍ਰਸ਼ਾਸਕ ਬੋਰਡ ਮੁਖੀ ਅਹੁਦੇ ਲਈ ਅਰਜ਼ੀ ਨਹੀਂ ਦੇ ਸਕਣਗੇ। ਅਜਿਹੇ ਹਾਲਾਤਾਂ 'ਚ ਸੌਰਭ ਗਾਂਗੁਲੀ ਭਾਰਤੀ ਕ੍ਰਿਕਟ ਬੋਰਡ ਦੇ ਮੁਖੀ ਦੇ ਅਹੁਦੇ ਲਈ ਮਜਬੂਤ ਦਾਅਵੇਦਾਰ ਬਣ ਕੇ ਉਭਰੇ ਹਨ। ਸੌਰਭ ਗਾਂਗੁਲੀ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਮੌਜੂਦਾ ਮੁਖੀ ਹਨ।

ਇਸ ਤੋਂ ਇਲਾਵਾ ਗਾਂਗੁਲੀ ਬੀਸੀਸੀਆਈ ਦੀ ਟੈਕਨੀਕਲ ਕਮੇਟੀ, ਕ੍ਰਿਕਟ ਐਡਵਾਇਜ਼ਰੀ ਕਮੇਟੀ ਅਤੇ ਆਈਪੀਐਲ ਗਵਰਨਿੰਗ ਕੌਂਸਲ ਦੇ ਵੀ ਮੈਂਬਰ ਹਨ। 46 ਸਾਲਾ ਸਾਬਕਾ ਕ੍ਰਿਕਟਰ ਸੌਰਭ ਗਾਂਗੁਲੀ ਪਿਛਲੇ 4 ਸਾਲਾਂ ਤੋਂ ਪ੍ਰਸ਼ਾਸਨ 'ਚ ਹਨ ਅਤੇ ਬੀਸੀਸੀਆਈ ਦੇ ਅਗਲੇ ਮੁਖੀ ਦੇ ਅਹੁਦੇ ਲਈ ਪਹਿਲੀ ਪਸੰਦ ਹੋ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਪਹਿਲਾਂ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਦਾ ਅਹੁਦੇ ਛੱਡਣਾ ਪਵੇਗਾ।  (ਏਜੰਸੀ)