'IPL ਫ੍ਰੈਂਚਾਇਜ਼ੀ ਦੇ ਮਾਲਕ ਨੇ ਮਾਰੀਆਂ ਚਪੇੜਾਂ' -ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਨੇ ਕੀਤਾ ਖ਼ੁਲਾਸਾ
ਰਾਜਸਥਾਨ ਰਾਇਲਸ ਦੇ ਨਾਲ ਆਪਣੇ ਕਾਰਜਕਾਲ ਦੌਰਾਨ ਵਾਪਰੀ ਇੱਕ ਅਜੀਬ ਘਟਨਾ ਬਾਰੇ ਦੱਸਿਆ
ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਰੌਸ ਟੇਲਰ ਨੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਲੈ ਕੇ ਕੁਝ ਖ਼ੁਲਾਸੇ ਕੀਤੇ ਹਨ। ਉਸ ਨੇ ਆਈਪੀਐਲ ਵਿੱਚ ਰਾਜਸਥਾਨ ਰਾਇਲਸ ਦੇ ਨਾਲ ਆਪਣੇ ਕਾਰਜਕਾਲ ਦੌਰਾਨ ਵਾਪਰੀ ਇੱਕ ਅਜੀਬ ਘਟਨਾ ਦਾ ਖ਼ੁਲਾਸਾ ਕੀਤਾ ਹੈ। ਟੇਲਰ 2011 'ਚ ਰਾਜਸਥਾਨ ਰਾਇਲਸ ਨਾਲ ਖੇਡ ਰਿਹਾ ਸੀ। ਉਹ ਸਿਰਫ਼ ਇੱਕ ਸਾਲ ਲਈ ਫ੍ਰੈਂਚਾਇਜ਼ੀ ਦੇ ਨਾਲ ਸੀ ਅਤੇ ਅਸਲ ਵਿੱਚ ਬੱਲੇ ਨਾਲ ਜ਼ਿਆਦਾ ਪ੍ਰਭਾਵ ਨਹੀਂ ਪਾਇਆ। ਰਾਜਸਥਾਨ ਲਈ 12 ਮੈਚਾਂ 'ਚ ਉਸ ਨੇ 119 ਦੀ ਸਟ੍ਰਾਈਕ ਰੇਟ ਨਾਲ 181 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਵੱਧ ਤੋਂ ਵੱਧ ਸਕੋਰ ਨਾਬਾਦ 47 ਦੌੜਾਂ ਰਿਹਾ।
ਰਾਜਸਥਾਨ ਰਾਇਲਜ਼ ਨੇ ਉਸ ਨੂੰ ਸਿਰਫ਼ ਇੱਕ ਸੀਜ਼ਨ ਬਾਅਦ ਛੱਡ ਦਿੱਤਾ। ਇਸ ਤੋਂ ਬਾਅਦ ਉਹ ਦਿੱਲੀ ਕੈਪੀਟਲਜ਼ ਨਾਲ ਜੁੜ ਗਿਆ। ਜਦੋਂ ਟੇਲਰ ਸਿਰਫ਼ ਇੱਕ ਸਾਲ ਰਾਇਲਜ਼ ਨਾਲ ਰਿਹਾ ਤਾਂ ਉਸ ਨਾਲ ਇੱਕ ਘਟਨਾ ਵਾਪਰੀ, ਜਿਸ ਦਾ ਵਰਨਣ ਉਸ ਨੇ ਕਈ ਸਾਲਾਂ ਬਾਅਦ ਆਪਣੀ ਕਿਤਾਬ 'ਰੌਸ ਟੇਲਰ: ਬਲੈਕ ਐਂਡ ਵ੍ਹਾਈਟ' ਵਿੱਚ ਕੀਤਾ।
stuff.co.nz. ਦੀ ਰਿਪੋਰਟ ਮੁਤਾਬਕ, ਰੌਸ ਟੇਲਰ ਨੇ ਆਪਣੀ ਆਟੋ ਬਾਇਓਗ੍ਰਾਫੀ 'ਚ ਖ਼ੁਲਾਸਾ ਕੀਤਾ ਹੈ ਕਿ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਦੇ ਖ਼ਿਲਾਫ਼ ਮੈਚ ਦੌਰਾਨ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ ਉਸ ਨੂੰ ਟੀਮ ਦੇ ਸਹਿ-ਮਾਲਕ ਨੇ 3 ਜਾਂ 4 ਵਾਰ ਚਪੇੜਾਂ ਮਾਰੀਆਂ ਸਨ। ਟੇਲਰ ਨੇ ਆਈ.ਪੀ.ਐੱਲ ਦੀ ਟੀਮ 'ਚ ਇਕ ਖਿਡਾਰੀ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆ। ਟੇਲਰ ਨੇ ਖ਼ੁਲਾਸਾ ਕੀਤਾ ਕਿ ਥੱਪੜ ਜ਼ੋਰ ਦੀ ਨਹੀਂ ਮਾਰੇ ਗਏ ਪਰ ਉਹ ਇਸ ਘਟਨਾ ਤੋਂ ਪੂਰੀ ਤਰ੍ਹਾਂ ਹੈਰਾਨ ਸਨ।
ਟੇਲਰ ਨੇ ਦੱਸਿਆ ਕਿ ਰਾਜਸਥਾਨ ਨੇ ਮੁਹਾਲੀ 'ਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡਿਆ ਸੀ। ਰਾਜਸਥਾਨ 195 ਦੌੜਾਂ ਦਾ ਪਿੱਛਾ ਕਰ ਰਿਹਾ ਸੀ। ਅਸੀਂ ਇਸ ਮੈਚ ਵਿੱਚ ਨੇੜੇ ਵੀ ਨਹੀਂ ਪਹੁੰਚੇ। ਇਸ ਤੋਂ ਬਾਅਦ ਟੀਮ, ਸਹਾਇਕ ਸਟਾਫ ਅਤੇ ਪ੍ਰਬੰਧਨ ਹੋਟਲ ਦੀ ਉਪਰਲੀ ਮੰਜ਼ਿਲ 'ਤੇ ਬਾਰ 'ਤੇ ਸਨ। ਉੱਥੇ ਸ਼ੇਨ ਵਾਰਨ ਦੇ ਨਾਲ ਲਿਜ਼ ਹਰਲੇ ਮੌਜੂਦ ਸੀ। ਰਾਇਲਜ਼ ਦੇ ਇੱਕ ਮਾਲਕ ਨੇ ਮੈਨੂੰ ਕਿਹਾ, 'ਰੌਸ, ਅਸੀਂ ਤੁਹਾਨੂੰ ਡਕ ਆਊਟ ਲਈ ਇੱਕ ਮਿਲੀਅਨ ਡਾਲਰ ਨਹੀਂ ਦਿੱਤੇ' ਅਤੇ ਉਸਨੇ ਮੇਰੇ ਮੂੰਹ 'ਤੇ ਤਿੰਨ ਜਾਂ ਚਾਰ ਵਾਰ ਥੱਪੜ ਮਾਰਿਆ।