ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚੀ

ਏਜੰਸੀ

ਖ਼ਬਰਾਂ, ਖੇਡਾਂ

ਖਿਤਾਬ ਲਈ ਚੀਨ ਨਾਲ ਮੁਕਾਬਲਾ ਅੱਜ

Indian women's hockey team reaches Asia Cup final

ਹਾਂਗਜ਼ੂ (ਚੀਨ) : ਭਾਰਤੀ ਮਹਿਲਾ ਹਾਕੀ ਟੀਮ ਨੇ ਸਨਿਚਰਵਾਰ  ਨੂੰ ਏਸ਼ੀਆ ਕੱਪ ਦੇ ਫ਼ਾਈਨਲ ਲਈ ਕੁਆਲੀਫ਼ਾਈ ਕਰ ਲਿਆ ਹੈ। ਸੁਪਰ-4 ਪੜਾਅ ਦੇ ਅਪਣੇ ਆਖਰੀ ਮੈਚ ਵਿਚ ਜਾਪਾਨ ਵਿਰੁਧ 1-1 ਨਾਲ ਡਰਾਅ ਖੇਡਣ ਦੇ ਬਾਵਜੂਦ ਭਾਰਤੀ ਟੀਮ ਏਸ਼ੀਆ ਕੱਪ ਦੇ ਫਾਈਨਲ ’ਚ ਉਦੋਂ ਪਹੁੰਚ ਗਈ ਜਦੋਂ ਮੇਜ਼ਬਾਨ ਚੀਨ ਨੇ ਕੋਰੀਆ ਨੂੰ 1-0 ਨਾਲ ਹਰਾ ਦਿਤਾ।

ਭਾਰਤ ਐਤਵਾਰ ਨੂੰ ਖਿਤਾਬੀ ਮੁਕਾਬਲੇ ਵਿਚ ਚੀਨ ਨਾਲ ਭਿੜੇਗਾ ਅਤੇ ਜੇਤੂ ਟੀਮ ਅਗਲੇ ਸਾਲ ਬੈਲਜੀਅਮ ਅਤੇ ਨੀਦਰਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗੀ। ਪਿਛਲੀ ਚੈਂਪੀਅਨ ਜਾਪਾਨ ਵਿਰੁਧ 1-1 ਨਾਲ ਡਰਾਅ ਹੋਣ ਤੋਂ ਬਾਅਦ ਭਾਰਤ ਨੂੰ ਕੋਰੀਆ ਅਤੇ ਚੀਨ ਵਿਚਾਲੇ ਮੈਚ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ। 

ਕੋਰੀਆ ਨੂੰ ਫਾਈਨਲ ਵਿਚ ਪਹੁੰਚਣ ਲਈ ਲਈ ਘੱਟੋ-ਘੱਟ ਦੋ ਗੋਲਾਂ ਦੇ ਫਰਕ ਨਾਲ ਜਿੱਤਣ ਦੀ ਜ਼ਰੂਰਤ ਸੀ, ਪਰ ਚੀਨ ਦੀ ਜਿੱਤ ਨੇ ਇਹ ਯਕੀਨੀ ਬਣਾਇਆ ਕਿ 2022 ਦੇ ਐਡੀਸ਼ਨ ਵਿਚ ਤੀਜੇ ਸਥਾਨ ਉਤੇ ਰਹਿਣ ਵਾਲੇ ਭਾਰਤ ਨੇ ਸਿਖਰ ਮੁਕਾਬਲੇ ਵਿਚ ਜਗ੍ਹਾ ਬਣਾਈ। 

ਚੀਨ ਤਿੰਨ ਜਿੱਤਾਂ ਤੋਂ ਬਾਅਦ ਨੌਂ ਅੰਕਾਂ ਨਾਲ ਸੁਪਰ 4 ਸੂਚੀ ਵਿਚ ਚੋਟੀ ਉਤੇ  ਰਿਹਾ, ਜਦਕਿ  ਭਾਰਤ ਇਕ  ਜਿੱਤ, ਇਕ  ਡਰਾਅ ਅਤੇ ਇਕ  ਹਾਰ ਤੋਂ ਚਾਰ ਅੰਕਾਂ ਨਾਲ ਦੂਜੇ ਸਥਾਨ ਉਤੇ  ਰਿਹਾ। 

ਜਾਪਾਨ ਦੇ ਵਿਰੁਧ  ਭਾਰਤ ਨੇ ਸ਼ੁਰੂਆਤੀ ਲੀਡ ਲੈ ਲਈ ਅਤੇ ਬਿਊਟੀ ਡੰਗ ਡੰਗ ਨੇ ਸੱਤਵੇਂ ਮਿੰਟ ਵਿਚ ਫੀਲਡ ਗੋਲ ਨਾਲ ਉਨ੍ਹਾਂ ਨੂੰ ਅੱਗੇ ਵਧਾ ਦਿਤਾ। ਪਰ ਜਾਪਾਨ ਨੇ ਦੇਰ ਨਾਲ ਵਾਪਸੀ ਕੀਤੀ, ਜਦੋਂ ਕੋਬਾਯਾਕਾਵਾ ਸ਼ੀਹੋ (58 ਵੇਂ) ਨੇ ਹੂਟਰ ਤੋਂ ਸਿਰਫ ਦੋ ਮਿੰਟ ਪਹਿਲਾਂ ਬਰਾਬਰੀ ਦਾ ਗੋਲ ਕੀਤਾ।