ਅੱਧੇ ਸਾਲ ’ਚ ਹੀ ਫਿੱਕੇ ਪਏ ਓਲੰਪਿਕ ਤਮਗੇ, ਮਨੂ ਭਾਕਰ ਨੂੰ ਇਨ੍ਹਾਂ ਦੇ ਬਦਲੇ ਜਾਣ ਦੀ ਉਮੀਦ
ਕੌਮਾਂਤਰੀ ਓਲੰਪਿਕ ਕਮੇਟੀ ਨੇ ਕਿਹਾ ਕਿ ਨੁਕਸਾਨੇ ਗਏ ਤਮਗਿਆਂ ਦੀ ਥਾਂ ਯੋਜਨਾਬੱਧ ਤਰੀਕੇ ਨਾਲ ਮੋਨੀ ਡੀ ਪੈਰਿਸ (ਫਰਾਂਸ ਦੀ ਕੌਮੀ ਟਕਸਾਲ) ਨਵੇਂ ਤਮਗੇ ਦੇਵੇਗੀ
ਨਵੀਂ ਦਿੱਲੀ : ਭਾਰਤ ਦੀ ਸਟਾਰ ਪਿਸਤੌਲ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਪੈਰਿਸ ਓਲੰਪਿਕ ’ਚ ਜਿੱਤੇ ਦੋ ਕਾਂਸੀ ਦੇ ਤਮਗਿਆਂ ਦੀ ਥਾਂ ਨਵਾਂ ਤਮਗਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਉਹ ਉਨ੍ਹਾਂ ਖਿਡਾਰੀਆਂ ਦੇ ਵੱਡੇ ਸਮੂਹ ’ਚ ਸ਼ਾਮਲ ਹੈ, ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਤਮਗੇ ਖਰਾਬ ਹੋ ਗਏ ਹਨ।
ਦੁਨੀਆਂ ਭਰ ਦੇ ਕਈ ਖਿਡਾਰੀਆਂ ਨੇ ਹਾਲ ਹੀ ਦੇ ਸਮੇਂ ’ਚ ਅਪਣੇ ਪਹਿਨੇ ਹੋਏ ਤਮਗਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ। ਇਹ ਪਤਾ ਲੱਗਿਆ ਹੈ ਕਿ ਭਾਕਰ ਦੇ ਮੈਡਲਾਂ ਰੰਗ ਉਤਰ ਗਿਆ ਹੈ ਅਤੇ ਇਹ ਮਾੜੀ ਹਾਲਤ ’ਚ ਹਨ।
ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਨੁਕਸਾਨੇ ਗਏ ਤਮਗਿਆਂ ਦੀ ਥਾਂ ਯੋਜਨਾਬੱਧ ਤਰੀਕੇ ਨਾਲ ਮੋਨੀ ਡੀ ਪੈਰਿਸ (ਫਰਾਂਸ ਦੀ ਕੌਮੀ ਟਕਸਾਲ) ਨਵੇਂ ਤਮਗੇ ਦੇਵੇਗੀ। ਨਵੇਂ ਤਮਗੇ ਪੁਰਾਣੇ ਤਮਗਿਆਂ ਵਾਂਗ ਹੀ ਹੋਣਗੇ। ਹਰ ਓਲੰਪਿਕ ਤਮਗੇ ਦੇ ਕੇਂਦਰ ’ਚ ਲੋਹੇ ਦੇ ਟੁਕੜਿਆਂ ਦਾ ਭਾਰ 18 ਗ੍ਰਾਮ (ਇਕ ਔਂਸ ਦਾ ਲਗਭਗ ਦੋ ਤਿਹਾਈ) ਹੁੰਦਾ ਹੈ। ‘ਮੋਨੀ ਡੀ ਪੈਰਿਸ’ ਫਰਾਂਸ ਲਈ ਸਿੱਕੇ ਅਤੇ ਹੋਰ ਮੁਦਰਾ ਤਿਆਰ ਕਰਦਾ ਹੈ। ਪੈਰਿਸ ਓਲੰਪਿਕ ਕਮੇਟੀ ਸਾਰੇ ਨੁਕਸਾਨੇ ਗਏ ਮੈਡਲਾਂ ਨੂੰ ਬਦਲਣ ਲਈ ਇਸ ਨਾਲ ਕੰਮ ਕਰ ਰਹੀ ਹੈ।