ਸੁਦੀਰਮਨ ਕੱਪ 'ਚ ਭਾਰਤ ਦੀ ਨਿਰਾਸ਼ਾਜਨਕ ਸ਼ੁਰੂਆਤ, ਕਰਨਾ ਪਿਆ ਹਾਰ ਦਾ ਸਾਹਮਣਾ

ਏਜੰਸੀ

ਖ਼ਬਰਾਂ, ਖੇਡਾਂ

ਪਹਿਲੇ ਮੈਚ ਵਿਚ ਚੀਨੀ ਤਾਈਪੇ ਤੋਂ 1-4 ਨਾਲ ਹਾਰਿਆ ਭਾਰਤ 

Representational Image

ਸੁਜੋਉ : ਭਾਰਤ ਨੇ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ ਵਿਚ ਨਿਰਾਸ਼ਾਜਨਕ ਸ਼ੁਰੂਆਤ ਕੀਤੀ ਅਤੇ ਐਤਵਾਰ ਨੂੰ ਇਥੇ ਗਰੁੱਪ ਸੀ ਦੇ ਆਪਣੇ ਪਹਿਲੇ ਮੈਚ ਵਿਚ ਚੀਨੀ ਤਾਈਪੇ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੀਵੀ ਸਿੰਧੂ ਸਮੇਤ ਭਾਰਤੀ ਖਿਡਾਰੀਆਂ ਨੇ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦਿਤੀ ਪਰ ਢੁਕਵੇਂ ਨਤੀਜੇ ਹਾਸਲ ਕਰਨ ਵਿਚ ਨਾਕਾਮ ਰਹੇ।

ਤਨੀਸ਼ਾ ਕ੍ਰਾਸਟੋ ਅਤੇ ਕੇ ਸਾਈ ਪ੍ਰਤੀਕ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੇ ਪਹਿਲੀ ਗੇਮ ਜਿੱਤ ਕੇ ਸਕਾਰਾਤਮਕ ਸ਼ੁਰੂਆਤ ਕੀਤੀ ਪਰ ਅੰਤ ਵਿਚ ਯਾਂਗ ਪੋ ਹੁਆਨ ਅਤੇ ਹੂ ਲਿੰਗ ਫੇਂਗ ਤੋਂ 21-18, 24-26, 6-21 ਨਾਲ ਹਾਰ ਗਈ। ਵਿਸ਼ਵ ਦੇ ਨੌਵੇਂ ਨੰਬਰ ਦਾ ਖਿਡਾਰੀ ਐਚ.ਐਸ. ਪ੍ਰਣਯ ਪੁਰਸ਼ ਸਿੰਗਲਜ਼ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਵਿੱਚ ਅਸਮਰੱਥ ਰਿਹਾ ਕਿਉਂਕਿ ਉਹ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਚੋਊ ਤਿਏਨ ਚੇਨ ਤੋਂ 19-21, 15-21 ਨਾਲ ਹਾਰ ਗਿਆ। ਇਸ ਨਾਲ ਭਾਰਤ 0-2 ਨਾਲ ਪਿੱਛੇ ਰਹਿ ਗਿਆ।

ਭਾਰਤ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਹੁਣ ਸਿੰਧੂ 'ਤੇ ਸੀ, ਪਰ ਉਹ ਵਿਸ਼ਵ ਦੀ ਨੰਬਰ ਇਕ ਤਾਈ ਜ਼ੂ ਯਿੰਗ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਜਿੱਤ ਨਹੀਂ ਸਕੀ। ਹੈਦਰਾਬਾਦ ਦੀ ਰਹਿਣ ਵਾਲੀ 27 ਸਾਲਾ ਸਿੰਧੂ ਨੇ ਮਹਿਲਾ ਸਿੰਗਲਜ਼ ਮੈਚ ਵਿਚ ਦੂਜੀ ਗੇਮ ਜਿੱਤ ਕੇ ਚੰਗੀ ਵਾਪਸੀ ਕੀਤੀ। ਉਸ ਨੇ ਫਿਰ ਤੀਜੇ ਅਤੇ ਫੈਸਲਾਕੁੰਨ ਗੇਮ ਵਿਚ ਅਪਣੇ ਵਿਰੋਧੀ ਨੂੰ ਸਖ਼ਤ ਟੱਕਰ ਦਿਤੀ। ਤਾਈ ਤਜ਼ੂ ਨੇ ਇਹ ਮੈਚ ਇੱਕ ਘੰਟੇ ਚਾਰ ਮਿੰਟ ਵਿਚ 21-14, 18-21, 21-17 ਨਾਲ ਜਿੱਤ ਲਿਆ।

ਇਸ ਨਾਲ ਚੀਨੀ ਤਾਈਪੇ ਨੇ ਪੰਜ ਮੈਚਾਂ ਦੀ ਲੜੀ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਫਿਰ ਪੁਰਸ਼ ਡਬਲਜ਼ ਮੈਚ ਵਿਚ ਲੀ ਯਾਂਗ ਅਤੇ ਯੇ ਹੋਂਗ ਵੇਈ ਨੂੰ ਸਖ਼ਤ ਟੱਕਰ ਦਿਤੀ ਅਤੇ ਭਾਰਤ ਨੂੰ 0-4 ਨਾਲ ਪਿੱਛੇ ਛੱਡਣ ਤੋਂ ਪਹਿਲਾਂ 13-21, 21-17, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਟਰੀਸਾ ਜੌਲੀ ਅਤੇ ਪੀ ਗਾਇਤਰੀ ਗੋਪੀਚੰਦ ਦੀ ਵਿਸ਼ਵ ਦੀ 17ਵੇਂ ਨੰਬਰ ਦੀ ਮਹਿਲਾ ਡਬਲਜ਼ ਜੋੜੀ ਨੇ ਫਿਰ ਜ਼ਬਰਦਸਤ ਹੌਸਲਾ ਦਿਖਾਇਆ ਅਤੇ ਲੀ ਚਿਆ ਹਸੀਨ ਅਤੇ ਟੇਂਗ ਚੁਨ ਸੋਨ ਨੂੰ 21-15, 18-21, 13-21 ਨਾਲ ਹਰਾ ਕੇ ਪਹਿਲੇ ਗੇਮ ਦੀ ਹਾਰ ਤੋਂ ਉਭਰ ਕੇ ਚੀਨੀ ਤਾਈਪੇ ਨੂੰ ਕਲੀਨ ਸਵੀਪ ਨਹੀਂ ਕਰਨ ਦਿਤਾ।

ਇਹ ਵੀ ਪੜ੍ਹੋ: ਕਰਨਾਟਕ: ਬੇਲਾਗਾਵੀ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਲੱਗਿਆ ਕਥਿਤ 'ਪਾਕਿਸਤਾਨ ਜ਼ਿੰਦਾਬਾਦ!' ਦਾ ਨਾਅਰਾ?

ਭਾਰਤ ਸੋਮਵਾਰ ਨੂੰ ਗਰੁੱਪ ਸੀ ਦੇ ਅਪਣੇ ਦੂਜੇ ਮੁਕਾਬਲੇ ਵਿਚ ਮੌਜੂਦਾ ਰਾਸ਼ਟਰਮੰਡਲ ਖੇਡਾਂ ਦੀ ਮਿਕਸਡ ਟੀਮ ਚੈਂਪੀਅਨ ਮਲੇਸ਼ੀਆ ਨਾਲ ਭਿੜੇਗਾ। ਮਲੇਸ਼ੀਆ ਨੇ ਐਤਵਾਰ ਨੂੰ ਆਪਣੇ ਪਹਿਲੇ ਮੈਚ 'ਚ ਆਸਟ੍ਰੇਲੀਆ ਨੂੰ 5-0 ਨਾਲ ਹਰਾ ਕੇ ਗਰੁੱਪ 'ਚ ਚੋਟੀ 'ਤੇ ਰਿਹਾ।

ਸਿੰਧੂ ਨੇ ਆਖਰੀ ਵਾਰ 2019 ਵਿਸ਼ਵ ਚੈਂਪੀਅਨਸ਼ਿਪ ਵਿਚ ਤਾਈ ਜ਼ੂ ਨੂੰ ਹਰਾਇਆ ਸੀ। ਚੀਨੀ ਤਾਈਪੇ ਦੀ ਖਿਡਾਰਨ ਹੱਥੋਂ ਇਹ ਉਸ ਦੀ ਕੁੱਲ 18ਵੀਂ ਹਾਰ ਸੀ। ਤਾਈ ਤਜ਼ੂ ਪਹਿਲੀ ਗੇਮ ਵਿਚ ਬਿਹਤਰ ਖਿਡਾਰਨ ਲੱਗ ਰਹੀ ਸੀ ਪਰ ਸਿੰਧੂ ਨੇ ਦੂਜੀ ਗੇਮ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਮੈਚ ਨੂੰ ਫੈਸਲਾਕੁੰਨ ਤਕ ਪਹੁੰਚਾਇਆ।

ਤੀਸਰੇ ਅਤੇ ਫੈਸਲਾਕੁੰਨ ਗੇਮ ਦੀ ਸ਼ੁਰੂਆਤ 'ਚ ਦੋਵੇਂ ਖਿਡਾਰੀਆਂ ਨੇ ਇਕ-ਦੂਜੇ ਨੂੰ ਸਖਤ ਟੱਕਰ ਦਿਤੀ। ਇਕ ਸਮੇਂ ਸਕੋਰ 6-6 ਨਾਲ ਬਰਾਬਰ ਸੀ ਪਰ ਤਾਈ ਜ਼ੂ ਨੇ ਜਲਦੀ ਹੀ 9-6 ਦੀ ਬੜ੍ਹਤ ਬਣਾ ਲਈ। ਸਿੰਧੂ ਨੇ ਅਪਣਾ ਸੰਜਮ ਬਰਕਰਾਰ ਰਖਿਆ ਅਤੇ ਸਕੋਰ ਮੁੜ 10-10 ਨਾਲ ਬਰਾਬਰ ਕਰ ਦਿਤਾ। ਉਸ ਦੀ ਵਿਰੋਧੀ ਹਾਲਾਂਕਿ ਅੰਤਰਾਲ 'ਤੇ ਇਕ ਅੰਕ ਦੀ ਬੜ੍ਹਤ ਰੱਖਣ ਵਿਚ ਕਾਮਯਾਬ ਰਹੀ।

ਭਾਰਤੀ ਖਿਡਾਰੀ ਨੇ ਅੰਤਰਾਲ ਤੋਂ ਬਾਅਦ 14-12 ਦੀ ਬੜ੍ਹਤ ਬਣਾਈ ਪਰ ਨੈੱਟ 'ਤੇ ਕੁਝ ਗ਼ਲਤੀਆਂ ਜਲਦੀ ਹੀ ਉਨ੍ਹਾਂ ਨੂੰ ਮਹਿੰਗੀਆਂ ਪਈਆਂ। ਤਾਈ ਜ਼ੂ ਨੇ ਇਸ ਦਾ ਫ਼ਾਇਦਾ ਚੁੱਕਦੇ ਹੋਏ 15-14 ਦੀ ਬੜ੍ਹਤ ਬਣਾ ਲਈ ਅਤੇ ਜਦੋਂ ਸਿੰਧੂ ਦਾ ਸ਼ਾਟ ਵਾਈਡ ਹੋ ਗਿਆ ਤਾਂ ਚੀਨੀ ਤਾਈਪੇ ਦੀ ਖਿਡਾਰਨ ਨੇ ਆਪਣੀ ਬੜ੍ਹਤ ਨੂੰ 17-14 ਕਰ ਦਿਤਾ। ਇਸ ਤੋਂ ਬਾਅਦ ਤਾਈ ਜ਼ੂ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ ਕਿਉਂਕਿ ਉਸ ਨੇ ਪੰਜ ਮੈਚ ਪੁਆਇੰਟ ਹਾਸਲ ਕੀਤੇ ਅਤੇ ਫਿਰ ਸ਼ਾਨਦਾਰ ਤਰੀਕੇ ਨਾਲ ਵਾਪਸੀ ਕਰਕੇ ਮੈਚ 'ਤੇ ਕਬਜ਼ਾ ਕਰ ਲਿਆ।