ਭਾਰਤੀ ਮਹਿਲਾ ਐਥਲੀਟ ਹਿਮਾ ਦਾਸ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

11 ਦਿਨਾਂ 'ਚ ਤੀਜਾ ਸੋਨ ਤਮਗ਼ਾ ਜਿੱਤਿਆ

Hima Das wins 3rd gold in less than 2 weeks

ਕਲਾਂਦੋ : ਕਲਾਂਦੋ ਮੈਮੋਰੀਅਲ ਐਥਲੈਟਿਕਸ ਮੁਕਾਬਲੇ 'ਚ ਭਾਰਤੀ ਮਹਿਲਾ ਐਥਲੀਟ ਹਿਮਾ ਦਾਸ ਨੇ 11 ਦਿਨਾਂ ਅੰਦਰ ਤਿੰਨ ਸੋਨ ਤਮਗ਼ੇ ਜਿੱਤ ਕੇ ਇਤਿਹਾਸ ਬਣਾ ਦਿੱਤਾ ਹੈ। ਹਿਮਾ ਨੇ ਸਨਿਚਰਵਾਰ ਨੂੰ ਔਰਤਾਂ ਦੀ 200 ਮੀਟਰ ਦੌੜ 'ਚ ਸੋਨ ਤਮਗ਼ਾ ਜਿੱਤਿਆ। ਹਿਮਾ ਨੇ ਇਹ ਦੌੜ 23.43 ਸੈਕਿੰਡ 'ਚ ਪੂਰੀ ਕੀਤੀ।

ਇਸ ਤੋਂ ਪਹਿਲਾਂ ਹਿਮਾ ਨੇ 4 ਜੁਲਾਈ ਨੂੰ ਪੋਲੈਂਡ ਦੇ ਪੋਜ਼ਨਾਨ ਐਥਲੈਟਿਕਸ ਗ੍ਰਾਂ ਪ੍ਰੀ 'ਚ 200 ਮੀਟਰ ਦੌੜ ਵਿਚ ਸੋਨ ਤਮਗ਼ਾ ਜਿੱਤਿਆ ਸੀ। ਉਸ ਨੇ 23.65 ਸਕਿੰਡ 'ਚ ਇਹ ਦੌੜ ਪੂਰੀ ਕੀਤੀ ਸੀ।ਇਸ ਤੋਂ ਬਾਅਦ 7 ਜੁਲਾਈ ਨੂੰ ਪੋਲੈਂਡ 'ਚ ਕੁਟਨੋ ਐਥਲੈਟਿਕ ਮੀਟ 'ਚ 200 ਮੀਟਰ ਦੌੜ 23.43 ਸਕਿੰਡ 'ਚ ਪੂਰੀ ਕਰ ਕੇ ਸੋਨ ਤਮਗ਼ਾ ਜਿੱਤਿਆ। ਹਿਮਾ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ। ਇਸ ਤਰ੍ਹਾਂ 11 ਦਿਨ ਦੇ ਅੰਦਰ ਇਹ ਹਿਮਾ ਦਾ ਤੀਜਾ ਕੌਮਾਂਤਰੀ ਸੋਨ ਤਮਗ਼ਾ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਜੂਨੀਅਰ ਚੈਂਪੀਅਨ ਹਿਮਾ ਦਾ ਸਭ ਤੋਂ ਬਿਹਤਰੀਨ ਵਿਅਕਤੀਗਤ ਸਮਾਂ 23.10 ਸੈਕਿੰਡ ਹੈ, ਜੋ ਉਸ ਨੇ ਪਿਛਲੇ ਸਾਲ ਬਣਾਇਆ ਸੀ। ਹਿਮਾ ਪਿਛਲੇ ਕੁਝ ਮਹੀਨਿਆਂ ਤੋਂ ਪਿੱਠ ਦਰਦ ਤੋਂ ਪ੍ਰੇਸ਼ਾਨ ਰਹੀ ਸੀ ਅਤੇ ਇਸ ਦਰਦ ਬਾਵਜੂਦ ਉਸ ਨੇ ਫਿਰ ਤੋਂ ਦਮਦਾਰ ਵਾਪਸੀ ਕੀਤੀ ਤੇ ਆਪਣੇ ਦੇਸ਼ ਲਈ 3 ਸੋਨ ਤਮਗ਼ੇ ਜਿੱਤੇ।

ਜਾਣੋ ਹਿਮਾ ਦਾਸ ਬਾਰੇ :
ਹਿਮਾ ਦਾਸ ਦਾ ਜਨਮ 9 ਜਨਵਰੀ 2000 ਨੂੰ ਅਸਾਮ ਦੇ ਨਗਾਂਵ ਜ਼ਿਲ੍ਹੇ ਦੇ ਦਿੰਗ ਪਿੰਡ 'ਚ ਹੋਇਆ ਸੀ। ਹਿਮਾ ਇਕ ਸਧਾਰਨ ਕਿਸਾਨ ਪਰਵਾਰ ਤੋਂ ਹੈ। ਉਹ ਪਰਵਾਰ ਵਿਚ 6 ਬੱਚਿਆਂ 'ਚ ਸਭ ਤੋਂ ਛੋਟੀ ਹੈ। ਹਿਮਾ ਪਹਿਲਾਂ ਲੜਕਿਆਂ ਨਾਲ ਫੁਟਬਾਲ ਖੇਡਦੀ ਸੀ ਅਤੇ ਇਕ ਸਟ੍ਰਾਈਕਰ ਦੇ ਤੌਰ ਉੱਤੇ ਆਪਣੀ ਪਛਾਣ ਬਣਾਉਣਾ ਚਾਹੁੰਦੀ ਸੀ। ਉਸ ਨੇ 2 ਸਾਲ ਪਹਿਲਾਂ ਹੀ ਰੇਸਿੰਗ ਟ੍ਰੈਕ ਉੱਤੇ ਕਦਮ ਰੱਖਿਆ ਸੀ। ਉਸ ਦੇ ਕੋਲ ਪੈਸਿਆਂ ਦੀ ਘਾਟ ਸੀ, ਪਰ ਕੋਚ ਨੇ ਉਸ ਦੀ ਪੂਰੀ ਸਹਾਇਤਾ ਕੀਤੀ।