ਕ੍ਰਿਕਟ ਵਿਸ਼ਵ ਕੱਪ: ਅੱਜ ਭਿੜਨਗੇ ਭਾਰਤ ਤੇ ਪਾਕਿਸਤਾਨ

ਏਜੰਸੀ

ਖ਼ਬਰਾਂ, ਖੇਡਾਂ

ਹੁਣ ਤਕ ਵਿਸ਼ਵ ਕੱਪ 'ਚ 7 ਵਾਰ ਆਹਮੋ-ਸਾਹਮਣੇ ਹੋ ਚੁਕੀਆਂ ਹਨ ਦੋਹੇਂ ਟੀਮਾਂ

IND vs PAK head-to-head in ODI World Cup

 

ਅਹਿਮਦਾਬਾਦ: ਇਥੋਂ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਅੱਜ ਵਿਸ਼ਵ ਕੱਪ ਦੇ ਸਫ਼ਰ ’ਚ ਭਾਰਤ ਤੇ ਪਾਕਿਸਤਾਨ ਇਕ ਦੂਜੇ ਨਾਲ ਭਿੜਨਗੇ। ਕਰੀਬ ਇਕ ਲੱਖ ਦਰਸ਼ਕਾਂ ਦੀ ਸਮਰਥਾ ਵਾਲਾ ਇਹ ਸਟੇਡੀਅਮ ਕਈ ਸਾਲ ਬਾਅਦ ਭਾਰਤ ਤੇ ਪਾਕਿਸਤਾਨ ਦੇ ਮੈਚ ਦਾ ਗਵਾਹ ਬਣੇਗਾ।

ਇਥੇ ਇਹ ਵੀ ਦਸਣਾ ਬਣਦਾ ਹੈ ਕਿ ਕਈ ਪ੍ਰਕਾਰ ਦੀਆਂ ਧਮਕੀਆਂ ਤੋਂ ਬਾਅਦ ਜਿਥੇ ਅਹਿਮਦਾਬਾਦ ਦੇ ਚੱਪੇ-ਚੱਪੇ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਹਨ ਉਥੇ ਹੀ ਦੋਹਾਂ ਟੀਮਾਂ ਦੀ ਸੁਰੱਖਿਆ ਹੋਰ ਵੀ ਕਰੜੀ ਕਰ ਦਿਤੀ ਗਈ ਹੈ। ਇਸ ਮੈਚ ਸਬੰਧੀ ਲੋਕਾਂ ਅੰਦਰ ਇੰਨਾ ਚਾਅ ਹੈ ਕਿ ਲੋਕਾਂ ਨੇ ਟਿਕਟਾਂ ਬਲੈਕ ’ਚ ਖ਼ਰੀਦੀਆਂ ਹਨ ਤੇ ਕਈ ਲੋਕ ਤਾਂ ਅਹਿਮਦਾਬਾਦ ਕਈ-ਕਈ ਦਿਨ ਪਹਿਲਾਂ ਹੀ ਪਹੁੰਚ ਗਏ ਹਨ। ਦੇਸ਼ ਦੇ ਦੂਜੇ ਹਿੱਸਿਆਂ ’ਚ ਅਹਿਮਦਾਬਾਦ ਆਉਣ ਵਾਲੀਆਂ ਰੇਲਗੱਡੀਆਂ ਭਰੀਆਂ ਆ ਰਹੀਆਂ ਹਨ।

 

ਜੇਕਰ ਦੋਹਾਂ ਟੀਮਾਂ ਦੇ ਵਿਸ਼ਵ ਕੱਪ ਦੇ ਪੁਰਾਣੇ ਰਿਕਾਰਡ ਦੀ ਗੱਲ ਕਰੀਏ ਤਾਂ ਦੋਹੇਂ ਟੀਮਾਂ 7 ਵਾਰ ਆਹਮੋਂ ਸਾਹਮਣੇ ਹੋ ਚੁਕੀਆਂ ਹਨ ਤੇ ਸਾਰੇ ਮੈਚ ਭਾਰਤ ਨੇ ਜਿੱਤੇ ਹਨ। ਇਸ ਵੇਲੇ ਭਾਰਤੀ ਖਿਡਾਰੀ ਪੂਰੀ ਫ਼ਾਰਮ ’ਚ ਹਨ। ਭਾਰਤ ਲਈ ਚੰਗੀ ਗੱਲ ਇਹ ਵੀ ਹੈ ਕਿ ਸਲਾਮੀ ਬੱਲੇਬਾਜ਼ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਇਸ ਮੈਚ ਵਿਚ ਖੇਡੇਗਾ। ਸ਼ੁਭਮਨ ਗਿੱਲ ਲਈ ਸਾਲ 2023 ਸ਼ਾਨਦਾਰ ਰਿਹਾ ਹੈ ਪਰ ਉਹ ਅਜੇ ਤਕ ਵਿਸ਼ਵ ਕੱਪ ਵਿਚ ਨਹੀਂ ਖੇਡ ਸਕਿਆ ਕਿਉਂਕਿ ਉਸ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਡੇਂਗੂ ਹੋ ਗਿਆ ਸੀ।

 

ਅਜਿਹੀ ਸਥਿਤੀ ਵਿਚ ਭਾਰਤ ਦੇ ਸਾਬਕਾ ਮੁੱਖ ਚੋਣਕਾਰ ਐਮਐਸਕੇ ਪ੍ਰਸਾਦ ਦਾ ਮੰਨਣਾ ਹੈ ਕਿ ਗਿੱਲ ਯਕੀਨੀ ਤੌਰ ’ਤੇ ਪਾਕਿਸਤਾਨ ਵਿਰੁਧ ਖੇਡਣਗੇ। ਦੂਜੇ ਪਾਸੇ ਜੇਕਰ ਪਾਕਿਸਤਾਨ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਉਹ ਅਜੇ ਪੂਰੀ ਤਰ੍ਹਾਂ ਲੈਅ ’ਚ ਦਿਖਾਈ ਨਹੀਂ ਦਿਤੇ। ਪਾਕਿਸਤਾਨ ਟੀਮ ਦਾ ਕਪਤਾਨ ਬਾਬਰ ਆਜ਼ਮ ਅਜੇ ਤਕ ਅਪਣੇ ਰੰਗ ਵਿਚ ਨਹੀਂ ਪਰਤਿਆ ਤੇ ਪਾਕਿ ਦੀ ਉਮੀਦ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਵੀ ਪੂਰੀ ਤਰ੍ਹਾਂ ਲੈਅ ਨਹੀਂ ਫੜ ਸਕਿਆ। ਬਾਕੀ ਇਹ ਕ੍ਰਿਕਟ ਹੈ ਇਸ ਵਿਚ ਰੋਜ਼ਾਨਾ ਨਵਾਂ ਮੁਕਾਬਲਾ ਹੁੰਦਾ ਹੈ, ਕੌਣ ਬਾਜ਼ੀ ਮਾਰੇਗਾ, ਇਸ ਬਾਰੇ ਰਾਤ ਤਕ ਪਤਾ ਲੱਗ ਜਾਵੇਗਾ।