ਪ੍ਰਧਾਨ ਮੰਤਰੀ ਨੇ ਰੋਹਤਕ ਦੀ ਭਲਵਾਨ ਨੂੰ ਚਿੱਠੀ ਲਿਖ ਕੇ ਓਲੰਪਿਕ ਲਈ ਦਿਤੀਆਂ ਸ਼ੁਭਕਾਮਨਾਵਾਂ

ਏਜੰਸੀ

ਖ਼ਬਰਾਂ, ਖੇਡਾਂ

ਅੰਡਰ-23 ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਲਵਾਨ ਹੈ ਰਿਤਿਕਾ ਹੁੱਡਾ

PM Modi and Ritika Hooda

ਰੋਹਤਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਰੋਹਤਕ ਦੀ ਕੌਮਾਂਤਰੀ ਭਲਵਾਨ ਰਿਤਿਕਾ ਨੂੰ ਚਿੱਠੀ ਲਿਖ ਕੇ ਓਲੰਪਿਕ ਖੇਡਾਂ ਲਈ ਸ਼ੁਭਕਾਮਨਾਵਾਂ ਦਿਤੀਆਂ ਹਨ। ਉਹ ਮੂਲ ਰੂਪ ’ਚ ਪਿੰਡ ਖਰਕੜਾ ਦੀ ਰਹਿਣ ਵਾਲੀ ਹੈ ਅਤੇ ਇਸ ਸਮੇਂ ਅਸਥਲ ਬੋਹੜ ’ਚ ਰਹਿ ਰਹੀ ਹੈ। ਰੀਤਿਕਾ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਹੈ। ਉਸ ਨੇ ਪਿਛਲੇ ਸਾਲ ਅਕਤੂਬਰ ’ਚ ਇਹ ਪ੍ਰਾਪਤ ਹਾਸਲ ਕੀਤੀ ਸੀ। ਬੀਤੇ 11 ਮਾਰਚ ਨੂੰ ਹੀ ਉਸ ਨੇ ਟਰਾਇਲ ਜਿੱਤ ਕੇ ਪੈਰਿਸ ਓਲੰਪਿਕ ’ਚ ਥਾਂ ਹਾਸਲ ਕੀਤੀ ਸੀ। 

ਪ੍ਰਧਾਨ ਮੰਤਰੀ ਮੋਦੀ ਨੇ ਅਪਣੀ ਚਿੱਠੀ ’ਚ ਲਿਖਿਆ ਹੈ, ‘‘ਬੇਟੀ, ਹਰ ਭਾਰਤੀ ਦੀ ਉਮੀਦ ਤੁਹਾਡੇ ਤੋਂ ਹੈ ਅਤੇ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਦੁਨੀਆਂ ਪੈਰਿਸ ਓਲੰਪਿਕ ਦੇ ਸਟੇਜ ’ਤੇ ਤੁਹਾਡੀ ਪ੍ਰਤਿਭਾ ਦੇ ਪ੍ਰਦਰਸ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।’’

ਰਿਤਿਕਾ ਦੇ ਪਿਤਾ ਜਗਬੀਰ ਹੁੱਡਾ ਨੇ ਦਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ। ਵੱਡਾ ਬੇਟਾ ਰੋਹਿਤ ਹੁੱਡਾ ਫੌਜ ’ਚ ਹੈ ਅਤੇ ਕੁਸ਼ਤੀ ਦਾ ਖਿਡਾਰੀ ਰਿਹਾ ਹੈ। ਉੱਥੇ ਹੀ ਛੋਟੀ ਬੇਟੀ ਰਿਤਿਕਾ ਨੇ ਸਾਲ 2015 ’ਚ ਕੁਸ਼ਤੀ ਸ਼ੁਰੂ ਕੀਤੀ ਸੀ। ਰੀਤਿਕਾ ਉਸ ਸਮੇਂ 9ਵੀਂ ਜਮਾਤ ’ਚ ਸੀ। ਰਿਤਿਕਾ ਰੋਹਤਕ ਦੇ ਚੌਧਰੀ ਛੋਟੂ ਰਾਮ ਸਟੇਡੀਅਮ ’ਚ ਅਭਿਆਸ ਕਰਦੀ ਹੈ। ਅਪਣੀ ਸਖਤ ਮਿਹਨਤ ਸਦਕਾ ਰਿਤਿਕਾ ਨੇ ਲਗਭਗ 9 ਸਾਲਾਂ ’ਚ ਕਈ ਪ੍ਰਾਪਤੀਆਂ ਹਾਸਲ ਕੀਤੀਆਂ। 

ਉਨ੍ਹਾਂ ਕਿਹਾ ਕਿ 2023 ’ਚ ਉਨ੍ਹਾਂ ਨੇ ਅਲਬਾਨੀਆ ਦੀ ਰਾਜਧਾਨੀ ਤਿਰਾਨਾ ’ਚ ਹੋਈ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ’ਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਜਿੱਤਿਆ ਸੀ। ਰੀਤਿਕਾ ਅੰਡਰ -23 ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਵੀ ਬਣ ਗਈ। ਇਸ ਤੋਂ ਪਹਿਲਾਂ ਭਾਰਤ ਦੇ ਸਿਰਫ ਇਕ ਪੁਰਸ਼ ਭਲਵਾਨ ਨੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਿਆ ਸੀ। ਹੁਣ ਰਿਤਿਕਾ ਨੂੰ ਭਾਰਤੀ ਸਮੁੰਦਰੀ ਫ਼ੌਜ ’ਚ ਵੀ ਚੁਣਿਆ ਗਿਆ ਹੈ। 

ਰੀਤਿਕਾ ਦਾ 11 ਮਾਰਚ ਨੂੰ ਟਰਾਇਲ ਹੋਇਆ ਸੀ ਅਤੇ ਉਸ ਟਰਾਇਲ ਵਿਚ ਬਿਹਤਰ ਪ੍ਰਦਰਸ਼ਨ ਕਰ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਪ੍ਰਧਾਨ ਮੰਤਰੀ ਦੀ ਚਿੱਠੀ ਵੀਰਵਾਰ ਨੂੰ ਉਨ੍ਹਾਂ ਦੇ ਘਰ ਡਾਕ ਰਾਹੀਂ ਪ੍ਰਾਪਤ ਹੋਈ। ਪ੍ਰਧਾਨ ਮੰਤਰੀ ਦੇ ਚਿੱਠੀ ’ਚ ਮੈਡਲ ਜਿੱਤਣ ’ਤੇ ਖਿਡਾਰੀ ਨੂੰ ਵਧਾਈ ਦੇਣ ਦੇ ਨਾਲ-ਨਾਲ ਉਸ ਦੀ ਪ੍ਰਤਿਭਾ ਦੀ ਵੀ ਸ਼ਲਾਘਾ ਕੀਤੀ ਗਈ ਹੈ। 

ਰਿਤਿਕਾ ਦੇ ਪਿਤਾ ਜਗਬੀਰ ਹੁੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਚਿੱਠੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਦਾ ਉਤਸ਼ਾਹ ਦੁੱਗਣਾ ਹੋ ਗਿਆ। ਇਸ ਦੇ ਨਾਲ ਹੀ ਰਿਤਿਕਾ ਓਲੰਪਿਕ ’ਚ ਭਾਰਤ ਲਈ ਮੈਡਲ ਹਾਸਲ ਕਰਨ ’ਚ ਲੱਗੀ ਹੋਈ ਹੈ।