ਕੁਝ ਹੀ ਘੰਟਿਆਂ ਵਿਚ ਵਿਕੀਆਂ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਟੀਮ ਇਕ ਵੀ ਵਾਰ ਭਾਰਤ ਤੋਂ ਨਹੀਂ ਜਿੱਤ ਸਕੀ।

India vs Pakistan

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਐਤਵਾਰ ਨੂੰ ਮੈਨਚੇਸਟਰ ਦੇ ਓਲਡ ਟ੍ਰੇਫਰਡ ਮੈਦਾਨ ‘ਤੇ ਹੋਣ ਵਾਲੇ ਮੁਕਾਬਲੇ ਦੀਆਂ ਟਿਕਟਾਂ ਦੀਆਂ ਕੀਮਤਾਂ 60 ਹਜ਼ਾਰ ਰੁਪਏ ਤੱਕ ਪਹੁੰਚ ਗਈਆਂ ਹਨ। ਬ੍ਰਿਟੇਨ ਵਿਚ ਲੱਖਾਂ ਦੀ ਗਿਣਤੀ ਵਿਚ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਲੋਕ ਰਹਿੰਦੇ ਹਨ ਅਤੇ ਇਸੇ ਕਾਰਨ ਇਸ ਮਹਾਮੁਕਾਬਲੇ ਲਈ ਟਿਕਟਾਂ ਦੀਆਂ ਕੀਮਤਾਂ ਅਸਮਾਨਾਂ ਨੂੰ ਛੂਹ ਰਹੀਆਂ ਹਨ।

20 ਹਜ਼ਾਰ ਦੀ ਸਮਰੱਥਾ ਵਾਲੇ ਓਲਡ ਟ੍ਰੇਫਰਡ ਸਟੇਡੀਅਮ ਵਿਚ ਹੋਣ ਵਾਲੇ ਇਸ ਮੈਚ ਦੇ ਟਿਕਟ ਵਿੰਡੋ ਖੁੱਲਣ ਦੇ ਕੁਝ ਹੀ ਘੰਟਿਆਂ ਵਿਚ ਵਿਕ ਗਏ ਪਰ ਜਿਨ੍ਹਾਂ ਲੋਕਾਂ ਨੇ ਉਸ ਸਮੇਂ ਟਿਕਟ ਖਰੀਦੀ ਸੀ, ਹੁਣ ਉਹ ਉਹਨਾਂ ਨੂੰ ਵੇਚ ਕੇ ਭਾਰੀ ਮੁਨਾਫ਼ਾ ਕਮਾ ਰਹੇ ਹਨ। ਅਜਿਹੇ ਹੀ ਲੋਕਾਂ ਤੋਂ ਟਿਕਟਾਂ ਲੈ ਕੇ ਉਸ ਦੀ ਦੁਬਾਰਾ ਵਿਕਰੀ ਕਰਨ ਵਾਲੀ ਵੈੱਬਸਾਈਟ ਮੁਤਾਬਕ ਉਹਨਾਂ ਕੋਲ ਕਰੀਬ 480 ਟਿਕਟ ਦੁਬਾਰਾ ਵਿਕਰੀ ਲਈ ਆਏ।

ਕੰਪਨੀ ਦੀ ਵੈੱਬਸਾਈਟ ਮੁਤਾਬਿਕ ਬ੍ਰਾਂਜ ਅਤੇ ਸਿਲਵਰ ਕੈਟੇਗਰੀ ਦੀਆਂ ਟਿਕਟਾਂ ਉਸ ਨੇ ਪੂਰੀ ਤਰ੍ਹਾਂ ਵੇਚ ਦਿੱਤੀਆਂ ਅਤੇ ਇਹਨਾਂ ਦੀ ਕੀਮਤ 17 ਹਜਾਰ ਰੁਪਏ ਤੋਂ ਲੈ ਕੇ 27 ਹਜ਼ਾਰ ਰੁਪਏ ਤੱਕ ਰਹੀ। ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਟੀਮ ਇਕ ਵੀ ਵਾਰ ਭਾਰਤ ਤੋਂ ਨਹੀਂ ਜਿੱਤ ਸਕੀ। ਭਾਰਤ ਨੇ ਹੁਣ ਤੱਕ ਦੋ ਵਾਰ (1981 ਅਤੇ 2011) ਵਿਚ ਵਿਸ਼ਵ ਕੱਪ ਜਿੱਤਿਆ ਸੀ ਜਦਕਿ ਪਾਕਿਸਤਾਨ ਨੇ 1992 ਵਿਚ ਇਮਰਾਨ ਖ਼ਾਨ ਦੀ ਅਗਵਾਈ ਵਿਚ ਪਹਿਲੀ ਵਾਰ ਇਹ ਖ਼ਿਤਾਬ ਜਿੱਤਿਆ ਸੀ।

ਮੌਜੂਦਾ ਵਿਸ਼ਵ ਕੱਪ ਵਿਚ ਭਾਰਤ ਨੇ ਹੁਣ ਤੱਕ ਤਿੰਨ ਮੁਕਾਬਲੇ ਖੇਡੇ ਹਨ। ਉਹਨਾਂ ਵਿਚ ਭਾਰਤ ਨੂੰ ਦੋ ਮੈਚਾਂ ‘ਤੇ ਜਿੱਤ ਮਿਲੀ ਹੈ ਜਦਕਿ ਇਕ ਮੈਚ ਬਾਰਿਸ਼ ਦੇ ਕਾਰਨ ਰੱਦ ਹੋ ਗਿਆ ਸੀ। ਭਾਰਤੀ ਟੀਮ ਪੰਜ ਅੰਕਾਂ ਨਾਲ 10 ਟੀਮਾਂ ਵਿਚੋਂ ਤੀਜੇ ਸਥਾਨ ‘ਤੇ ਹੈ। ਇਸੇ ਤਰ੍ਹਾਂ ਪਾਕਿਸਤਾਨ ਨੇ ਚਾਰ ਮੈਚ ਖੇਡੇ ਹਨ ਅਤੇ ਪਾਕਿਸਤਾਨ ਨੂੰ ਦੋ ਮੈਚਾਂ ਵਿਚ ਹਾਰ ਅਤੇ ਇਕ ਵਿਚ ਜਿੱਤ ਮਿਲੀ ਹੈ ਜਦਕਿ ਇਕ ਮੈਚ ਰੱਦ ਹੋ ਗਿਆ ਸੀ। ਇਹ ਟੀਮ ਤਿੰਨ ਅੰਕਾਂ ਨਾਲ ਅੱਠਵੇਂ ਸਥਾਨ ‘ਤੇ ਹੈ।