ਤਿੰਨ ਵਾਰ ਵਿਸ਼ਵ ਕੱਪ ਫ਼ਾਈਨਲ ਹਾਰਨ ਤੋਂ ਬਾਅਦ ਚੌਥੀ ਵਾਰ ਵੀ ਕਿਸਮਤ ਦੇ ਸਹਾਰੇ ਜਿਤਿਆ ਇੰਗਲੈਂਡ 

ਏਜੰਸੀ

ਖ਼ਬਰਾਂ, ਖੇਡਾਂ

44 ਸਾਲ ਦਾ ਸੋਕਾ ਖ਼ਤਮ ਕਰਦਿਆਂ ਇੰਗਲੈਂਡ ਬਣਿਆ ਕ੍ਰਿਕਟ ਵਿਸ਼ਵ ਕੱਪ ਚੈਂਪੀਅਨ

England wins first Cricket World Cup after all-time classic

ਲੰਡਨ : ਕ੍ਰਿਕਟ ਵਿਸ਼ਵ ਕੱਪ ਵਿਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਖ਼ਿਤਾਬ ਅਪਣੇ ਨਾਂ ਕੀਤਾ, ਭਾਵੇਂਕਿ ਨਿਊਜ਼ੀਲੈਂਡ ਹਰ ਕਦਮ 'ਤੇ ਇੰਗਲੈਂਡ ਦੇ ਬਰਾਬਰ ਰਿਹਾ। ਰੋਮਾਂਚਕ ਮੈਚ ਵਿਚ ਦੋਹਾਂ ਟੀਮਾਂ ਦੇ ਦੌੜਾਂ ਦੇ ਟੀਚੇ ਬਰਾਬਰ ਰਹੇ ਜਿਸ ਨਾਲ ਮੈਚ ਡਰਾ ਰਿਹਾ ਤੇ ਦੁਬਾਰਾ ਖ਼ਿਤਾਬ ਦਾ ਫ਼ੈਸਲਾ ਕਰਨ ਲਈ ਦੋਹਾਂ ਟੀਮਾਂ ਵਿਚਾਲੇ ਸੁਪਰ ਓਵਰ ਖੇਡਿਆ ਗਿਆ ਤੇ ਉਹ ਵੀ ਡਰਾ ਰਿਹਾ।

ਇਸ ਤੋਂ ਬਾਅਦ ਚੌਕਿਆਂ ਤੇ ਛੱਕਿਆਂ ਦੀ ਗਿਣਤੀ ਦੇ ਆਧਾਰ 'ਤੇ ਕੀਤੇ ਫ਼ੈਸਲੇ ਵਿਚ ਇੰਗਲੈਂਡ ਨੂੰ ਜੇਤੂ ਐਲਾਨ ਦਿਤਾ ਗਿਆ। ਦੋਵੇਂ ਟੀਮਾਂ ਕਿਸੇ ਵੀ ਪੱਖੋਂ ਇਕ ਦੂਜੇ ਤੋਂ ਕਿਸੇ ਵੀ ਪੜਾਅ 'ਤੇ ਘੱਟ ਨਜ਼ਰ ਨਹੀਂ ਆਈਆਂ। ਫ਼ਾਈਨਲ ਵਿਚ ਨਾਬਾਦ 84 ਦੌੜਾਂ ਬਣਾ ਕੇ ਮੈਨ ਆਫ਼ ਦਾ ਮੈਚ ਰਹੇ ਸਟੋਕਸ ਨੇ ਸੁਪਰ ਓਵਰ ਵਿਚ ਜੋਂਸ ਬਟਲਰ ਨਾਲ 15 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਵੀ ਸੁਪਰ ਓਵਰ ਵਿਚ 15 ਦੌੜਾਂ ਬਣਾਈਆਂ ਪਰ ਜ਼ਿਆਦਾ ਚੌਕੇ ਛੱਕੇ ਮਾਰਨ ਕਾਰਨ ਇੰਗਲੈਂਡ ਜੇਤੂ ਰਿਹਾ। 

ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ  ਕ੍ਰਿਕਟ ਵਿਸ਼ਵ ਕੱਪ 2019 ਦਾ 'ਪਲੇਅਰ ਆਫ਼ ਦਾ ਟੂਰਨਾਮੈਂਟ' ਚੁਣਿਆ ਗਿਆ। ਉਸ ਨੇ 10 ਮੈਚਾਂ ਵਿਚ 82.57 ਦੀ ਔਸਤ ਨਾਲ 578 ਦੌੜਾਂ ਬਣਾਈਆਂ। ਕੀਵੀ ਕਪਤਾਨ ਨੇ 2 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ। ਉਹ ਟੂਰਨਾਮੈਂਟ ਵਿਚ 2 ਵਾਰ ਮੈਨ ਆਫ਼ ਦਿ ਮੈਚ ਵੀ ਚੁਣੇ ਗਏ।

ਸਾਬਕਾ ਖਿਡਾਰੀਆਂ ਨੇ ਬਾਊਂਡਰੀਆਂ ਗਿਣਨ ਦੇ ਨਿਯਮ ਨੂੰ ਕਿਹਾ 'ਹਾਸੋਹੀਣਾ' :
ਭਾਰਤੀ ਖਿਡਾਰੀਆਂ ਸਹਿਤ ਸਾਬਕਾ ਖਿਡਾਰੀਆਂ ਨੇ ਚੌਕੇ ਛੱਕੇ ਗਿਣ ਕੇ ਵਿਸ਼ਵ ਕੱਪ ਜੇਤੂ ਦਾ ਫ਼ੈਸਲਾ ਕਰਨ ਵਾਲੇ ਆਈਸੀਸੀ ਦੇ 'ਹਾਸੋਹੀਣੇ' ਨਿਯਮ ਦੀ ਰੱਜ ਕੇ ਆਲੋਚਨਾ ਕੀਤਾ। ਇੰਗਲੈਂਡ ਨੇ ਮੈਚ ਵਿਚ 22 ਚੌਕੇ ਅਤੇ ਦੋ ਛੱਕੇ ਲਗਾਏ ਜਦੋਂਕਿ ਨਿਊਜ਼ੀਲੈਂਡ ਨੇ 16 ਚੌਕੇ ਲਗਾਏ।

 


 

ਸਮਝ ਨਹੀਂ ਆਉਂਦਾ ਕਿ ਵਿਸ਼ਵ ਕੱਪ ਫ਼ਾਈਨ ਵਰਗੇ ਮੈਚ ਦੇ ਜੇਤੂ ਦਾ ਫ਼ੈਸਲਾ ਚੌਕੇ ਛੱਕੇ ਦੇ ਆਧਾਰ 'ਤੇ ਕਿਵੇਂ ਹੋ ਸਕਦਾ ਹੈ। ਹਾਸੋਹੀਣਾਂ ਨਿਯਮ।
- ਗੌਤਮ ਗੰਭੀਰ

 


 

ਮੈਂ ਨਿਯਮ ਨਾਲ ਸਹਿਮਤ ਨਹੀਂ ਹਾਂ ਪਰ ਨਿਯਮ ਤਾਂ ਨਿਯਮ ਹੈ। ਇੰਗਲੈਂਡ ਨੂੰ ਆਖ਼ਰਕਾਰ ਵਿਸ਼ਵ ਕੱਪ ਜਿਤਣ 'ਤੇ ਵਧਾਈ। ਮੈਂ ਨਿਊਜ਼ੀਲੈਂਡ ਲਈ ਦੁਖੀ ਹਾਂ। ਸ਼ਾਨਦਾਰ ਫ਼ਾਈਨਲ
- ਯੁਵਰਾਜ ਸਿੰਘ 

 


 

ਡਕਵਰਥ ਲੋਈਸ ਪ੍ਰਣਾਲੀ ਦੌੜਾਂ ਤੇ ਵਿਕਟਾਂ 'ਤੇ ਨਿਰਭਰ ਹੈ। ਇਸ ਦੇ ਬਾਵਜੂਦ ਫ਼ਾਈਨਲ ਸਿਰਫ਼ ਚੌਕਿਆਂ ਛੱਕਿਆਂ ਨੂੰ ਆਧਾਰ ਮਨਿਆ ਗਿਆ। ਮੇਰੀ ਰਾਏ ਵਿਚ ਇਹ ਗ਼ਲਤ ਹੈ
- ਡੀਨ ਜੋਂਸ ਸਾਬਕਾ ਆਸਟਰੇਲੀਆਈ ਖਿਡਾਰੀ

 


 

ਮੈਨੂੰ ਲਗਦਾ ਹੈ ਕਿ ਸਾਡੇ ਨਾਲ ਧੋਖਾ ਹੋਇਆ ਹੈ। ਇਹ ਬਕਵਾਸ ਹੈ। ਸਿੱਕੇ ਦੇ ਉਛਾਲ ਦੀ ਤਰ੍ਹਾਂ ਫ਼ੈਸਲਾ ਨਹੀਂ ਹੋ ਸਕਦਾ। ਨਿਯਮ ਹਾਲਾਂਕਿ ਪਹਿਲਾਂ ਤੋਂ ਬਣਿਆ ਹੋਇਆ ਹੈ ਤਾਂ ਸ਼ਿਕਾਇਤ ਦਾ ਕੋਈ ਫ਼ਾਇਦਾ ਨਹੀਂ।
- ਡਿਓਨ ਨੈਸ਼ ਸਾਬਕਾ ਨਿਊਜ਼ੀਲੈਂਡ ਖਿਡਾਰੀ

ਨਿਊਜ਼ੀਲੈਂਡ ਦੇ ਸਾਬਕਾ ਹਰਫ਼ਨਮੌਲਾ ਸਕਾਟ ਸਟਾਇਰਸ ਨੇ ਕਿਹਾ, ''ਸ਼ਾਨਦਾਰ ਕੰਮ ਆਈਸੀਸੀ। ਤੁਸੀ ਇਕ ਲਤੀਫ਼ਾ ਹੋ।''

ਮਹਾਰਾਣੀ ਨੇ ਇੰਗਲੈਂਡ ਟੀਮ ਨੂੰ ਦਿਤੀ ਵਧਾਈ :
ਇੰਗਲੈਂਡ ਦੀ ਮਹਾਰਾਣੀ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਣ ਵਾਲੀ ਅਪਣੇ ਦੇਸ਼ ਦੀ ਟੀਮ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ, ''ਪ੍ਰਿੰ ਫ਼ਿਲੀਪ ਅਤੇ ਮੈਂ ਇੰਗਲੈਂਡ ਪੁਰਸ਼ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੰਦੀ ਹਾਂ। ਮੈਂ ਉੱਪ ਜੇਤੂ ਨਿਊਜ਼ੀਲੈਂਡ ਟੀਮ ਨੂੰ ਵੀ ਵਧਾਈ ਦਿੰਦੀ ਹਾਂ ਜਿਸ ਨੇ ਪੂਰੇ ਟੂਰਨਾਮੈਂਟ ਵਿਚ ਅਤੇ ਫ਼ਾਈਨਲ ਵਿਚ ਇਨਾ ਚੰਗਾ ਪ੍ਰਦਰਸ਼ਨ ਕੀਤਾ।