ਦਿੱਲੀ 'ਚ ਹੋਵੇਗਾ ਰੋਲ ਬਾਲ ਦਾ 5ਵਾਂ ਵਿਸ਼ਵ ਕੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੁਰਸ਼ ਵਰਗ ਵਿਚ 40 ਟੀਮਾਂ ਅਤੇ ਮਹਿਲਾ ਵਰਗ ਵਿਚ 20 ਟੀਮਾਂ ਉਤਰਨਗੀਆਂ

Rol Ball's fifth World Cup to be played in Delhi

ਨਵੀਂ ਦਿੱਲੀ : ਅੰਤਰਰਾਸ਼ਟਰੀ ਪੱਧਰ 'ਤੇ ਤੇਜ਼ੀ ਨਾਲ ਉਭਰ ਰਹੀ ਖੇਡ ਰੋਲ ਬਾਲ ਦਾ ਪੰਜਵਾਂ ਵਿਸ਼ਵ ਕੱਪ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ 12 ਤੋਂ 17 ਨਵੰਬਰ ਤਕ ਆਯੋਜਤ ਕੀਤਾ ਜਾਵੇਗਾ। ਇਸ ਵਿਚ 40 ਦੇਸ਼ ਹਿੱਸਾ ਲੈਣਗੇ। ਭਾਰਤੀ ਰੋਲ ਬਾਲ ਮਹਾਸੰਘ ਦੇ ਉਪ-ਪ੍ਰਧਾਨ ਅਤੇ ਅੰਤਰਰਾਸ਼ਟਰੀ ਰੋਲ ਬਾਲ ਮਹਾਸੰਘ ਦੇ ਡਾਇਰੈਕਟਰ ਮਨੋਜ ਕੁਮਾਰ ਯਾਦਵ ਨੇ ਸਨਿਚਰਵਾਰ ਨੂੰ ਪੱਤਰਕਾਰ ਵਾਰਤਾ ਵਿਚ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਟੂਰਨਾਮੈਂਟ ਵਿਚ ਕੁੱਲ 40 ਦੇਸ਼ ਹਿੱਸਾ ਲੈਣਗੇ।

ਪੁਰਸ਼ ਵਰਗ ਵਿਚ 40 ਟੀਮਾਂ ਅਤੇ ਮਹਿਲਾ ਵਰਗ ਵਿਚ 20 ਟੀਮਾਂ ਉਤਰਨਗੀਆਂ। ਮਨੋਜ ਨੇ ਦਸਿਆ ਕਿ ਰੋਲ ਬਾਲ ਖੇਡ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਪੁਣੇ ਤੋਂ 2003 ਵਿਚ ਹੋਈ ਸੀ। ਇਸ ਦਾ ਪਹਿਲਾ ਵਿਸ਼ਵ ਕੱਪ 2011 ਵਿਚ ਪੁਣੇ 'ਚ ਹੀ ਆਯੋਜਿਤ ਹੋਇਆ ਸੀ। ਪਹਿਲਾ ਵਿਸ਼ਵ ਕੱਪ ਡੈਨਮਾਰਕ ਨੇ ਜਿਤਿਆ ਸੀ। ਭਾਰਤ ਦੂਜੇ ਸਥਾਨ 'ਤੇ ਰਿਹਾ ਸੀ। ਦੂਸਰਾ ਰੋਲ ਬਾਲ ਵਿਸ਼ਵ ਕੱਪ ਕੀਨੀਆ ਵਿਚ 2013 ਵਿਚ ਹੋਇਆ। ਇਸ ਵਿਚ ਭਾਰਤ ਪੁਰਸ਼ ਅਤੇ ਮਹਿਲਾ ਵਰਗ ਦੋਵਾਂ ਵਿਚ ਜੇਤੂ ਬਣਿਆ।

ਪੁਣੇ ਨੇ 2015 ਵਿਚ ਤੀਸਰੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ। ਪੁਰਸ਼ ਵਰਗ ਵਿਚ ਭਾਰਤ ਅਤੇ ਮਹਿਲਾ ਵਰਗ ਵਿਚ ਕੀਨੀਆ ਜੇਤੂ ਬਣਿਆ। ਚੌਥਾ ਵਿਸ਼ਵ ਕੱਪ 2017 ਵਿਚ ਬੰਗਲਾਦੇਸ਼ ਵਿਚ ਆਯੋਜਤ ਹੋਇਆ। ਇਸ ਵਿਚ ਭਾਰਤ ਨੇ ਦੋਵੇਂ ਵਰਗਾਂ ਵਿਚ ਖ਼ਿਤਾਬ ਜਿਤਿਆ।