ਟੋਲ ਪਲਾਜ਼ਾ ਵਾਲੀ ਘਟਨਾ ਨੂੰ ਲੈ ਕੇ The Great Khali ਨੇ ਸਾਂਝੀ ਕੀਤੀ ਪੋਸਟ, ਕੀਤੀ ਇਨਸਾਫ਼ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਹਿਲਵਾਨ ਦਲੀਪ ਸਿੰਘ ਖਲੀ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਆਪਣਾ ਪੱਖ ਰੱਖਿਆ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

The Great Khali

 

ਚੰਡੀਗੜ੍ਹ: ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪਹਿਲਵਾਨ ਦਲੀਪ ਸਿੰਘ ਖਲੀ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਆਪਣਾ ਪੱਖ ਰੱਖਿਆ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।  ਦਲੀਪ ਸਿੰਘ ਨੇ ਕਿਹਾ ਕਿ 17 ਜੁਲਾਈ ਨੂੰ ਜਦੋਂ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸੀ ਤਾਂ ਫਿਲੌਰ ਦੇ ਟੋਲ ਕਰਮਚਾਰੀ ਨੇ ਉਹਨਾਂ ਨੂੰ ਸੈਲਫੀ ਲੈਣ ਲਈ ਕਿਹਾ ਅਤੇ ਉਸ ਨੇ ਮਾੜਾ ਵਤੀਰਾ ਕੀਤਾ। ਇਸ ਦੌਰਾਨ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਲੱਤਾਂ ਤੋੜਨ ਦੀ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ’ਤੇ ਵੀ ਸਵਾਲ ਚੁੱਕੇ ਹਨ।

Great Khali

ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ਮੈ ਦਲੀਪ ਸਿੰਘ ਰਾਣਾ ਉਰਫ਼ ‘ਦ ਗ੍ਰੇਟ ਖਲੀ’ ਅੰਤਰਰਾਸ਼ਟਰੀ ਪਹਿਲਵਾਨ ਹਾਂ, WWE ਵਰਗੇ ਅਨੇਕ ਅੰਤਰਰਾਸ਼ਟਰੀ ਮੰਚਾਂ ’ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕਿਆ ਹਾਂ। ਅੱਜ ਇਹ ਪੱਤਰ ਲਿਖਣ ਦਾ ਮੁੱਖ ਕਾਰਨ ਇਹ ਹੈ ਕਿ ਮੈ ਮਿਤੀ 12/7/22 ਨੂੰ ਜਲੰਧਰ ਤੋਂ ਕਰਨਾਲ ਜਾ ਰਿਹਾ ਸੀ ਤਾਂ ਰਾਹ ਵਿਚ ਫਿਲੌਰ ਦਾ ਟੋਲ ਕਰਮਚਾਰੀ ਮੈਨੂੰ ਦੇਖਦੇ ਹੀ ਸੈਲਫੀ ਫੋਟੋ ਲੈਣ ਲਈ ਮੇਰੀ ਗੱਡੀ ਦੇ ਅੰਦਰ ਤੱਕ ਵੜਨ ਦੀ ਕੋਸਿਸ਼ ਕਰਨ ਲਗ ਪਿਆ। ਮੇਰੇ ਮਨਾ ਕਰਨ ’ਤੇ ਉਹ ਮੇਰੇ ਨਾਲ ਬਦਤਮੀਜ਼ੀ ਨਾਲ ਬੋਲਣ ਲਗ ਪਿਆ ਤੇ ਇੱਥੋਂ ਤੱਕ ਕਹਿਣ ਲੱਗ ਗਿਆ ਕੇ ਬਿਨ੍ਹਾਂ ਫੋਟੋ ਖਿੱਚੀ ’ਤੇ ਤੈਨੂੰ ਜਾਣ ਨਹੀਂ ਦੇਣਾ”।

Social Media Post

ਦਲੀਪ ਸਿੰਘ ਨੇ ਅੱਗੇ ਲਿਖਿਆ, “ਮੈ ਉਸ ਦਾ ਮਾੜਾ ਵਤੀਰਾ ਦੇਖ ਕੇ ਹੀ ਫੋਟੋ ਲਈ ਮਨਾ ਕੀਤਾ ਸੀ। ਉਸ ਤੋਂ ਤੁਰੰਤ ਬਾਅਦ ਮੈਂ ਟੋਲ ਕਰਮਚਾਰੀਆਂ ਨੂੰ ਮੈਨੂੰ ਉੱਥੋਂ ਜਾਣ ਦੇਣ ਲਈ ਆਖਿਆ। ਉਸੇ ਵਕਤ ਓਸ ਕਰਮਚਾਰੀ ਨੇ ਆਪਣੇ ਸਹਿਕਰਮਚਰੀਆ ਨੂੰ ਬੁਲਾ ਕੇ ਮੇਰੀ ਗੱਡੀ ਸੜਕ ਵਿਚਕਾਰ ਰੁਕਵਾ ਲਈ ਅਤੇ ਮੈਨੂੰ ਗੱਲਾਂ ਕੱਢੀਆਂ ਅਤੇ ਲੱਤਾਂ ਤੋੜਨ ਦੀ ਧਮਕੀਆਂ ਦਿੱਤੀਆਂ। ਆਪਣੀ ਗਲਤੀ ਲੁਕਾਉਣ ਲਈ ਮੇਰੇ ’ਤੇ ਇਲਜ਼ਾਮ ਵੀ ਲਗਾਏ”। ਦਲੀਪ ਸਿੰਘ ਖਲੀ ਨੇ ਸਵਾਲ ਕਰਦਿਆਂ ਕਿਹਾ ਕਿ ਉੱਥੇ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੀ ਮੌਜੂਦ ਹੁੰਦਾ ਹੈ ਫਿਰ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਕਿਉਂ ਕੀਤੀ ਗਈ, ਦਿਨ ਦਿਹਾੜੇ ਇਸ ਤਰ੍ਹਾਂ ਧਮਕੀਆਂ ਦੇਣੀਆਂ ਕਿਸ ਵਰਤਾਅ ਦਾ ਪ੍ਰਤੀਕ ਹੈ?

 


The Great Khali

ਉਹਨਾਂ ਕਿਹਾ, “ਮੇਰੇ ਹੀ ਦੇਸ਼ ਵਿਚ ਦਿਨ ਦਿਹਾੜੇ ਮੇਰੇ ਨਾਲ ਇਹ ਘਟਨਾ ਹੋਣ ਬਾਰੇ ਮੈ ਕਦੇ ਵੀ ਕਲਪਨਾ ਨਹੀਂ ਕੀਤੀ ਸੀ, ਇਸ ਘਟਨਾ ਤੋਂ ਬਾਅਦ ਮੇਰਾ ਪਰਿਵਾਰ, ਮੇਰੇ ਦੋਸਤ ਤੇ ਮੇਰੇ ਪ੍ਰਸ਼ੰਸ਼ਕ ਕਾਫੀ ਰੋਹ ਵਿਚ ਅਤੇ ਨਿਰਾਸ਼ ਹਨ। ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਕਿਸੇ ਨਾਲ ਵੀ ਅਜਿਹਾ ਵਤੀਰਾ ਨਾ ਹੋਵੇ। ਮੈਨੂੰ ਨਿਆਂ ਮਿਲਣ ਦੀ ਪੂਰਨ ਆਸ ਹੈ”। ਦੱਸ ਦੇਈਏ ਕਿ ਹਾਲ ਹੀ ਵਿਚ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ ‘ਦਿ ਗ੍ਰੇਟ ਖਲੀ’ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਵਿਚ ਉਹਨਾਂ ਦੀ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਹੋ ਰਹੀ ਹੈ। ਇਸ ਦੌਰਾਨ ਇਲਜ਼ਾਮ ਲਗਾਏ ਗਏ ਸਨ ਕਿ ਖਲੀ ਨੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਆਈਡੀ ਕਾਰਡ ਮੰਗਣ 'ਤੇ ਥੱਪੜ ਮਾਰਿਆ ਸੀ।