RCB ਦੇ ਮੈਕਸਵੈਲ ਨੇ IPL 2024 ਤੋਂ ‘ਮਾਨਸਿਕ ਅਤੇ ਸਰੀਰਕ’ ਬ੍ਰੇਕ ਲਿਆ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਖੇਡਾਂ

ਮੈਕਸਵੈਲ ਦੇ ਕਰੀਅਰ ’ਚ ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਮੁਕਾਬਲੇਬਾਜ਼ ਕ੍ਰਿਕਟ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ

Glenn Maxwell

ਬੇਂਗਲੁਰੂ: ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਆਲਰਾਊਂਡਰ ਗਲੇਨ ਮੈਕਸਵੈਲ ਨੇ ਬੱਲੇਬਾਜ਼ੀ ’ਚ ਖਰਾਬ ਫਾਰਮ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਤੋਂ ਅਣਮਿੱਥੇ ਸਮੇਂ ਲਈ ‘ਮਾਨਸਿਕ ਅਤੇ ਸਰੀਰਕ‘ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਮੈਕਸਵੈਲ ਨੂੰ ਸੋਮਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁਧ ਆਰ.ਸੀ.ਬੀ. ਦੇ ਮੈਚ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਦਾ ਕਾਰਨ ਮੁੰਬਈ ਇੰਡੀਅਨਜ਼ ਵਿਰੁਧ ਪਿਛਲੇ ਮੈਚ ਦੌਰਾਨ ਉਂਗਲ ’ਚ ਲੱਗੀ ਸੱਟ ਦਸਿਆ ਜਾ ਰਿਹਾ ਸੀ। ਪਰ ਬਾਅਦ ’ਚ ਮੈਕਸਵੈਲ ਨੇ ਅਪਣੇ ਆਪ ਨੂੰ ਟੀਮ ਤੋਂ ਬਾਹਰ ਰੱਖਣਾ ਮਨਜ਼ੂਰ ਕਰ ਲਿਆ। 

ਮੈਕਸਵੈਲ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਇਹ ਬਹੁਤ ਆਸਾਨ ਫੈਸਲਾ ਸੀ। ਮੈਂ ਪਿਛਲੇ ਮੈਚ ਤੋਂ ਬਾਅਦ ਕਪਤਾਨ ਫਾਫ ਡੂ ਪਲੇਸਿਸ ਅਤੇ ਕੋਚ ਕੋਲ ਗਿਆ ਅਤੇ ਕਿਹਾ ਕਿ ਸ਼ਾਇਦ ਮੇਰੀ ਜਗ੍ਹਾ ਕਿਸੇ ਹੋਰ ਨੂੰ ਅਜ਼ਮਾਉਣ ਦਾ ਸਮਾਂ ਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਇਹ ਅਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਆਰਾਮ ਦੇਣ ਤੋਂ ਇਲਾਵਾ ਅਪਣੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਚੰਗਾ ਸਮਾਂ ਹੈ। ਉਨ੍ਹਾਂ ਕਿਹਾ, ‘‘ਜੇਕਰ ਮੈਨੂੰ ਟੂਰਨਾਮੈਂਟ ਦੌਰਾਨ ਸ਼ਾਮਲ ਹੋਣ ਦੀ ਜ਼ਰੂਰਤ ਹੈ ਤਾਂ ਉਮੀਦ ਹੈ ਕਿ ਮੈਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਸਥਿਤੀ ਵਿਚ ਵਾਪਸ ਆ ਸਕਾਂਗਾ ਅਤੇ ਪ੍ਰਭਾਵ ਪਾ ਸਕਾਂਗਾ।’’

ਮੈਕਸਵੈਲ ਦੇ ਕਰੀਅਰ ’ਚ ਇਹ ਦੂਜੀ ਵਾਰ ਹੈ ਜਦੋਂ ਇਸ ਆਲਰਾਊਂਡਰ ਨੇ ਅਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਵਧਾਉਣ ਲਈ ਮੁਕਾਬਲੇਬਾਜ਼ ਕ੍ਰਿਕਟ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ। ਮੈਕਸਵੈਲ ਨੇ ਅਕਤੂਬਰ 2019 ’ਚ ਵੀ ਅਜਿਹਾ ਹੀ ਬ੍ਰੇਕ ਲਿਆ ਸੀ, ਜਦੋਂ ਉਸ ਨੇ ਕਿਹਾ ਸੀ ਕਿ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਆਰਾਮ ਦੀ ਜ਼ਰੂਰਤ ਹੈ। ਕੁੱਝ ਮਹੀਨਿਆਂ ਬਾਅਦ 35 ਸਾਲਾ ਖਿਡਾਰੀ ਨੇ ਵਾਪਸੀ ਕੀਤੀ। ਮੌਜੂਦਾ ਆਈ.ਪੀ.ਐਲ. ਸੀਜ਼ਨ ’ਚ, ਉਹ ਛੇ ਮੈਚਾਂ ’ਚ ਬੱਲੇ ਨਾਲ ਕੋਈ ਖਾਸ ਯੋਗਦਾਨ ਨਹੀਂ ਦੇ ਸਕੇ ਹਨ, ਉਨ੍ਹਾਂ ਨੇ 94 ਦੇ ਸਟ੍ਰਾਈਕ ਰੇਟ ਨਾਲ ਸਿਰਫ 32 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਸਭ ਤੋਂ ਵਧ ਕੋਲਕਾਤਾ ਨਾਈਟ ਰਾਈਡਰਜ਼ ਵਿਰੁਧ 28 ਦੌੜਾਂ ਬਣਾਈਆਂ ਸਨ।

ਆਰਸੀਬੀ ਦਾ ਸਟਾਰ ਖਿਡਾਰੀ ਹੋਣ ਦੇ ਨਾਤੇ ਮੈਕਸਵੈਲ ਦਬਾਅ ’ਚ ਸੀ: ਪੋਂਟਿੰਗ 

ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਮੰਗਲਵਾਰ ਨੂੰ ਗਲੇਨ ਮੈਕਸਵੈਲ ਲਈ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦਾ ਸਟਾਰ ਖਿਡਾਰੀ ਹੋਣ ਦਾ ਦਬਾਅ ਲਗਾਤਾਰ ਉਸ ’ਤੇ ਕਾਬੂ ਪਾ ਰਿਹਾ ਸੀ ਅਤੇ ਉਸ ਨੇ ਖੇਡ ਤੋਂ ਅਣਮਿੱਥੇ ਸਮੇਂ ਲਈ ‘ਮਾਨਸਿਕ ਅਤੇ ਸਰੀਰਕ ਸਿਹਤ’ ਬ੍ਰੇਕ ਲੈ ਕੇ ਸਹੀ ਫੈਸਲਾ ਲਿਆ। 

ਪੋਂਟਿੰਗ ਨੇ ਕਿਹਾ, ‘‘ਆਰ.ਸੀ.ਬੀ. ਟੀਮ ’ਚ ਗਲੇਨ ਵਰਗੇ ਖਿਡਾਰੀ ਹੋਣ ਕਾਰਨ ਉਹ ਵਿਰਾਟ ਕੋਹਲੀ ਦੇ ਨਾਲ ਟੀਮ ’ਚ ਵੱਡਾ ਖਿਡਾਰੀ ਹੈ, ਜਿਸ ਨਾਲ ਉਸ ਟੀਮ ’ਚ ਖੇਡ ਰਹੇ ਇਨ੍ਹਾਂ ਦੋਹਾਂ ਖਿਡਾਰੀਆਂ ’ਤੇ ਬਹੁਤ ਦਬਾਅ ਪੈਂਦਾ ਹੈ। ਜੇਕਰ ਉਹ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਅਤੇ ਨਤੀਜੇ ਚੰਗੇ ਨਹੀਂ ਹੁੰਦੇ ਤਾਂ ਦਬਾਅ ਹੁੰਦਾ ਹੈ।’’ ਆਰ.ਸੀ.ਬੀ. ਇਸ ਸਮੇਂ ਸੱਤ ਮੈਚਾਂ ’ਚ ਛੇ ਹਾਰ ਨਾਲ 10 ਟੀਮਾਂ ਦੀ ਸੂਚੀ ’ਚ ਸੱਭ ਤੋਂ ਹੇਠਲੇ ਸਥਾਨ ’ਤੇ ਹੈ। 

ਪੋਂਟਿੰਗ ਨੇ ਕਿਹਾ, ‘‘ਜੇਕਰ ਤੁਸੀਂ ਦੇਖੋ ਕਿ ਉਸ ਨੇ ਟੂਰਨਾਮੈਂਟ ’ਚ ਕਿਵੇਂ ਪ੍ਰਦਰਸ਼ਨ ਕੀਤਾ ਹੈ ਤਾਂ ਦਬਾਅ ਵਿਅਕਤੀਗਤ ਖਿਡਾਰੀ ’ਤੇ ਵੀ ਆਉਂਦਾ ਹੈ। ਮੈਂ ਅੱਜ ਸਵੇਰੇ ਲੇਖ ਵੇਖਿਆ ਕਿ ਗਲੇਨ ਅਹੁਦਾ ਛੱਡਣਾ ਚਾਹੁੰਦਾ ਹੈ।’’ ਉਨ੍ਹਾਂ ਕਿਹਾ, ‘‘ਹਰ ਕਿਸੇ ਦਾ ਦਬਾਅ ਨਾਲ ਨਜਿੱਠਣ ਦਾ ਅਪਣਾ ਤਰੀਕਾ ਹੁੰਦਾ ਹੈ। ਹਰ ਵਿਅਕਤੀ ਵੱਖਰਾ ਹੁੰਦਾ ਹੈ। ਕੁੱਝ ਖਿਡਾਰੀ ਖੇਡਣਾ ਜਾਰੀ ਰਖਣਾ ਚਾਹੁੰਦੇ ਹਨ ਅਤੇ ਫਿਰ ਉਹ ਦੌੜਾਂ ਬਣਾਉਂਦੇ ਹਨ ਜਦਕਿ ਕੁੱਝ ਕਦਮ ਪਿੱਛੇ ਹਟ ਕੇ ਬ੍ਰੇਕ ਲੈਂਦੇ ਹਨ।’’

ਪੋਂਟਿੰਗ ਦਾ ਮੰਨਣਾ ਹੈ ਕਿ ਟੀਮ ਕੋਚ ਲਈ ਖਿਡਾਰੀ ਦੀ ਮਾਨਸਿਕ ਸਿਹਤ ਨੂੰ ਤਰਜੀਹ ਦੇਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, ‘‘ਇਸ ਲਈ ਕੋਚ ਦੇ ਤੌਰ ’ਤੇ ਤੁਹਾਨੂੰ ਸੱਚਮੁੱਚ ਸਮਝਦਾਰ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਪਹਿਲਾਂ ਖਿਡਾਰੀ ਦੀ ਸਿਹਤ ਬਾਰੇ ਸੋਚਣਾ ਪੈਂਦਾ ਹੈ।’’ ਪੋਂਟਿੰਗ ਦਾ ਮੰਨਣਾ ਹੈ ਕਿ ਚੋਟੀ ਦੇ ਖਿਡਾਰੀਆਂ ਲਈ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਦੇ ਪਰਵਾਰ ਉਨ੍ਹਾਂ ਦੇ ਨਾਲ ਹੋਣ ਕਿਉਂਕਿ ਉਹ ਉਨ੍ਹਾਂ ਦੀ ਸਫਲਤਾ ਅਤੇ ਅਸਫਲਤਾ ਦਾ ਕੇਂਦਰ ਹਨ।