ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ‘ਤੇ ਭਾਵੁਕ ਹੋਏ ਵਿਰਾਟ ਕੋਹਲੀ, ਪੜ੍ਹੋ ਕੀ ਕਿਹਾ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ‘ਤੇ ਕਿਹਾ ਕਿ ਇਸ ਸਾਬਕਾ ਕਪਤਾਨ ਨੇ ਜੋ ਕੀਤਾ ਹੈ ਉਹ ਹਰ ਕਿਸੇ ਦੇ ਦਿਲ ਵਿਚ ਰਹੇਗਾ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ‘ਤੇ ਕਿਹਾ ਕਿ ਇਸ ਸਾਬਕਾ ਕਪਤਾਨ ਨੇ ਜੋ ਕੀਤਾ ਹੈ ਉਹ ਹਰ ਕਿਸੇ ਦੇ ਦਿਲ ਵਿਚ ਰਹੇਗਾ।ਧੋਨੀ ਨੇ ਸ਼ਨੀਵਾਰ ਨੂੰ ਅਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਜ਼ਰੀਏ ਸੰਨਿਆਸ ਦਾ ਐਲ਼ਾਨ ਕੀਤਾ। ਇਸ ਤੋਂ ਬਾਅਦ ਕੋਹਲੀ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਜ਼ਰੀਏ ਧੋਨੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਧੋਨੀ ਦਾ ਯੋਗਦਾਨ ਨਾ ਭੁੱਲਣ ਵਾਲਾ ਹੈ।
ਕੋਹਲੀ ਨੇ ਲਿਖਿਆ, ‘ਹਰ ਕ੍ਰਿਕਟਰ ਦੇ ਸਫਰ ਦਾ ਇਕ ਦਿਨ ਅੰਤ ਹੁੰਦਾ ਹੈ ਪਰ ਜਦੋਂ ਤੁਹਾਡਾ ਕੋਈ ਕਰੀਬੀ ਇਸ ਤਰ੍ਹਾਂ ਦਾ ਫੈਸਲਾ ਲੈਂਦਾ ਹੈ ਤਾਂ ਤੁਸੀਂ ਜ਼ਿਆਦਾ ਭਾਵੁਕ ਮਹਿਸੂਸ ਕਰਦੇ ਹੋ’। ਉਹਨਾਂ ਅੱਗੇ ਲਿਖਿਆ, ‘ਤੁਸੀਂ ਜੋ ਇਸ ਦੇਸ਼ ਲਈ ਕੀਤਾ ਹੈ ਉਹ ਹਰ ਕਿਸੇ ਦੇ ਦਿਲ ਵਿਚ ਰਹੇਗਾ ਪਰ ਮੈਨੂੰ ਜੋ ਪਿਆਰ ਅਤੇ ਸਨਮਾਨ ਤੁਹਾਡੇ ਕੋਲੋਂ ਮਿਲਿਆ ਹੈ, ਉਹ ਮੇਰੇ ਨਾਲ ਹੀ ਰਹੇਗਾ। ਪੁਰੇ ਵਿਸ਼ਵ ਨੇ ਤੁਹਾਡੀਆਂ ਪ੍ਰਾਪਤੀਆਂ ਦੇਖੀਆਂ ਹਨ, ਮੈਂ ਤੁਹਾਨੂੰ ਦੇਖਿਆ ਹੈ’।
ਕੋਹਲੀ ਨੇ ਕਪਤਾਨੀ ਬਾਰੇ ਧੋਨੀ ਕੋਲੋਂ ਹੀ ਸਿੱਖਿਆ ਅਤੇ ਮੈਦਾਨ ‘ਤੇ ਕਈ ਵਾਰ ਉਹਨਾਂ ਨੂੰ ਧੋਨੀ ਕੋਲੋਂ ਮਦਦ ਲੈਂਦੇ ਦੇਖਿਆ ਗਿਆ ਹੈ। ਧੋਨੀ ਨੇ ਅਪਣੇ ਸੰਨਿਆਸ ਦੇ ਕਿਆਸਾਂ ‘ਤੇ ਅਜ਼ਾਦੀ ਦਿਹਾੜੇ ਮੌਕੇ ਵਿਰਾਮ ਲਗਾ ਦਿੱਤਾ। ਉੱਥੇ ਹੀ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵੀਟ ਕਰਦੇ ਹੋਏ ਲਿਖਿਆ, ‘ਉਹਨਾਂ ਵਰਗਾ ਖਿਡਾਰੀ ਹੋਣਾ ਅਸੰਭਵ, ਐਮਐਸਧੋਨੀ ਜਿਹਾ ਨਾ ਕੋਈ ਹੈ, ਨਾ ਕੋਈ ਸੀ ਅਤੇ ਨਾ ਕੋਈ ਹੋਵੇਗਾ। ਧੋਨੀ ਲੋਕਾਂ ਨਾਲ ਅਪਣੇ ਲਗਾਅ ਕਾਰਨ ਕਈ ਲੋਕਾਂ, ਯੁਵਾ ਕ੍ਰਿਕਟਰਾਂ ਦੀ ਪ੍ਰੇਰਣਾ ਹੈ’।
ਉੱਥੇ ਹੀ ਸਹਿਵਾਗ ਦੇ ਜੋੜੀਦਾਰ ਰਹੇ ਗੌਤਮ ਗੰਭੀਰ ਨੇ ਟਵੀਟ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਧੋਨੀ ਦਾ ਨਵਾਂ ਸਫਰ ਰੋਮਾਂਚਕ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮਾਹੀ ਸ਼ਾਨਦਾਰ ਖੇਡੇ ਹਨ।