ਗੁਲਵੀਰ ਨੇ ਤੋੜਿਆ 10,000 ਮੀਟਰ ਦਾ ਕੌਮੀ ਰੀਕਾਰਡ 

ਏਜੰਸੀ

ਖ਼ਬਰਾਂ, ਖੇਡਾਂ

ਓਲੰਪਿਕ ਕੁਆਲੀਫਿਕੇਸ਼ਨ ਤੋਂ ਖੁੰਝੇ

Gulveer Singh

ਨਵੀਂ ਦਿੱਲੀ: ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਗੁਲਵੀਰ ਸਿੰਘ ਨੇ ਮੁੰਡਿਆਂ ਦੀ 10,000 ਮੀਟਰ ਦੌੜ ’ਚ 16 ਸਾਲ ਪੁਰਾਣਾ ਕੌਮੀ ਰੀਕਾਰਡ ਤੋੜ ਕੇ ਕੈਲੀਫੋਰਨੀਆ ਦੇ ਸੈਨ ਜੁਆਨ ਕੈਪਿਸਟਰਾਨੋ ’ਚ ‘ਦ ਟੈਨ’ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕੀਤਾ। ਇਸ 25 ਸਾਲਾ ਖਿਡਾਰੀ ਨੇ 27 ਮਿੰਟ 41.81 ਸੈਕਿੰਡ ਦਾ ਸਮਾਂ ਲੈ ਕੇ ਸੁਰਿੰਦਰ ਸਿੰਘ ਦੇ 2008 ਦੇ 28 ਮਿੰਟ 02.89 ਸੈਕਿੰਡ ਦੇ ਰੀਕਾਰਡ ਨੂੰ ਤੋੜ ਦਿਤਾ।

ਗੁਲਵੀਰ ਦੀ ਕੋਸ਼ਿਸ਼ ਹਾਲਾਂਕਿ ਓਲੰਪਿਕ ਕੁਆਲੀਫਿਕੇਸ਼ਨ ਲਈ ਕਾਫੀ ਨਹੀਂ ਸੀ। ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਿਕੇਸ਼ਨ ਦਾ ਸਮਾਂ 27 ਮਿੰਟ ਹੈ ਅਤੇ ਇਸ ਤਰ੍ਹਾਂ ਭਾਰਤੀ ਖਿਡਾਰੀ 41 ਸਕਿੰਟਾਂ ਦੇ ਫਰਕ ਨਾਲ ਇਸ ਤੋਂ ਖੁੰਝ ਗਿਆ। ਇਸ ਮੁਕਾਬਲੇ ਵਿਚ ਇਕ ਹੋਰ ਭਾਰਤੀ ਕਾਰਤਿਕ ਕੁਮਾਰ 28 ਮਿੰਟ 01.90 ਸੈਕਿੰਡ ਦੇ ਸਮੇਂ ਨਾਲ ਨੌਵੇਂ ਸਥਾਨ ’ਤੇ ਰਿਹਾ। 

ਉਸ ਦਾ ਸਮਾਂ ਵੀ ਸੁਰਿੰਦਰ ਸਿੰਘ ਦੇ ਪਿਛਲੇ ਕੌਮੀ ਰੀਕਾਰਡ ਨਾਲੋਂ ਵੀ ਬਿਹਤਰ ਹੈ। ਇਕ ਹੋਰ ਭਾਰਤੀ ਅਥਲੀਟ ਅਵਿਨਾਸ਼ ਸਾਬਲੇ ਉਸੇ ਮੁਕਾਬਲੇ ਵਿਚ ਅਪਣੀ ਦੌੜ ਪੂਰੀ ਨਹੀਂ ਕਰ ਸਕਿਆ। ਉਹ 15ਵੇਂ ਲੈਪ ’ਚ 6000 ਮੀਟਰ ਪੂਰਾ ਕਰਨ ਤੋਂ ਬਾਅਦ ਪਿੱਛੇ ਹਟ ਗਿਆ। 

ਕੁੜੀਆਂ ਦੀ 10000 ਮੀਟਰ ਦੌੜ ’ਚ ਭਾਰਤ ਦੀ ਪਾਰੁਲ ਚੌਧਰੀ 32 ਮਿੰਟ 0 2.08 ਸੈਕਿੰਡ ਦੇ ਸਮੇਂ ਨਾਲ 20ਵੇਂ ਸਥਾਨ ’ਤੇ ਰਹੀ। ਉਹ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਟਾਈਮ 30 ਮਿੰਟ 40.00 ਸੈਕਿੰਡ ਹਾਸਲ ਕਰਨ ’ਚ ਵੀ ਅਸਫਲ ਰਹੀ।