Virat Kohli News: "ਇਕ ਵਾਰ ਕੰਮ ਪੂਰਾ ਹੋ ਗਿਆ ਤਾਂ ਚਲਾ ਜਾਵਾਂਗਾ, ਫਿਰ ਕੁੱਝ ਸਮਾਂ ਨਜ਼ਰ ਨਹੀਂ ਆਵਾਂਗਾ"
ਕਿਹਾ,‘‘ਜਦੋਂ ਤਕ ਮੈਂ ਖੇਡ ਰਿਹਾ ਹਾਂ, ਮੈਂ ਅਪਣਾ ਸੱਭ ਕੁੱਝ ਖੇਡ ਨੂੰ ਦੇਣਾ ਚਾਹੁੰਦਾ ਹਾਂ। ਇਹ ਮੇਰੀ ਪ੍ਰੇਰਨਾ ਹੈ’’
Virat Kohli News: ਭਾਰਤ ਦੇ ਸੁਪਰਸਟਾਰ ਬੱਲੇਬਾਜ਼ ਵਿਰਾਟ ਕੋਹਲੀ ਜਾਣਦੇ ਹਨ ਕਿ ਉਹ ਹਮੇਸ਼ਾ ਖੇਡਦੇ ਨਹੀਂ ਰਹਿ ਸਕਦੇ ਪਰ ਵਿਦਾ ਲੈਣ ਤੋਂ ਪਹਿਲਾਂ ਉਹ ਅਪਣੇ ਕ੍ਰਿਕਟ ਕਰੀਅਰ ਨੂੰ ਸੱਭ ਕੁੱਝ ਦੇਣਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਵਾਰ ਜਾਣ ਤੋਂ ਬਾਅਦ ਉਹ ਕੁੱਝ ਸਮਾਂ ਨਜ਼ਰ ਵੀ ਨਹੀਂ ਆਉਣਗੇ। ਕੋਹਲੀ ਨੇ ਆਈ.ਪੀ.ਐਲ. ਦੇ ਇਸ ਸੀਜ਼ਨ ’ਚ ਹੁਣ ਤਕ ਰਿਕਾਰਡ ਅੱਠਵਾਂ ਸੈਂਕੜਾ ਲਗਾਇਆ ਹੈ।
ਉਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ 13 ਮੈਚਾਂ ’ਚ 661 ਦੌੜਾਂ ਬਣਾਈਆਂ ਹਨ। ਆਰ.ਸੀ.ਬੀ. ਵਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਵੀਡੀਉ ’ਚ 35 ਸਾਲਾ ਕੋਹਲੀ ਨੇ ਕਿਹਾ ਕਿ ਬਿਨਾਂ ਪਛਤਾਵੇ ਦੇ ਜੀਣ ਦੀ ਇੱਛਾ ਹੀ ਉਨ੍ਹਾਂ ਦੀ ਪ੍ਰੇਰਨਾ ਹੈ।
ਕੋਹਲੀ ਨੇ ਕਿਹਾ,‘‘ਮੈਂ ਕੋਈ ਵੀ ਕੰਮ ਅਧੂਰਾ ਨਹੀਂ ਛੱਡਣਾ ਚਾਹੁੰਦਾ ਤਾਂ ਕਿ ਮੈਨੂੰ ਬਾਅਦ ਵਿਚ ਕੋਈ ਪਛਤਾਵਾ ਨਾ ਹੋਵੇ। ਇਕ ਵਾਰ ਕੰਮ ਪੂਰਾ ਹੋਣ ਤੋਂ ਬਾਅਦ ਮੈਂ ਚਲਾ ਜਾਵਾਂਗਾ ਅਤੇ ਕੁੱਝ ਸਮਾਂ ਨਜ਼ਰ ਨਹੀਂ ਆਵਾਂਗਾ।’’ ਉਸ ਨੇ ਕਿਹਾ,‘‘ਜਦੋਂ ਤਕ ਮੈਂ ਖੇਡ ਰਿਹਾ ਹਾਂ, ਮੈਂ ਅਪਣਾ ਸੱਭ ਕੁੱਝ ਖੇਡ ਨੂੰ ਦੇਣਾ ਚਾਹੁੰਦਾ ਹਾਂ। ਇਹ ਮੇਰੀ ਪ੍ਰੇਰਨਾ ਹੈ।’’
ਕੋਹਲੀ ਨੇ ਕਿਹਾ,‘‘ਹਰ ਖਿਡਾਰੀ ਦੇ ਕਰੀਅਰ ਦਾ ਅੰਤਮ ਸਮਾਂ ਆਉਂਦਾ ਹੈ। ਮੈਂ ਵੀ ਹਮੇਸ਼ਾ ਲਈ ਖੇਡਦਾ ਨਹੀਂ ਰਹਾਂਗਾ, ਪਰ ਮੈਂ ਇਸ ਭਾਵਨਾ ਨਾਲ ਨਹੀਂ ਜਾਣਾ ਚਾਹੁੰਦਾ ਕਿ ਜੇਕਰ ਮੈਂ ਉਸ ਦਿਨ ਅਜਿਹਾ ਕੀਤਾ ਹੁੰਦਾ ਤਾਂ ਬਿਹਤਰ ਹੁੰਦਾ।’’ ਕੋਹਲੀ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਦੇ ਮੈਂਬਰ ਹਨ।
(For more Punjabi news apart from Virat Kohli reveals his retirement plans, stay tuned to Rozana Spokesman)