ਵਿਸ਼ਵ ਕੱਪ 2019 : ਸ਼ੋਇਬ ਅਖ਼ਤਰ ਨੇ ਸਰਫ਼ਰਾਜ਼ ਨੂੰ ਕਿਹਾ 'ਮੂਰਖ ਕਪਤਾਨ' 

ਏਜੰਸੀ

ਖ਼ਬਰਾਂ, ਖੇਡਾਂ

- ਕਿਹਾ, 'ਮੈਨੂੰ ਸਮਝ ਨਹੀਂ ਆਉਂਦਾ ਕਿ ਕੋਈ ਇੰਨਾ ਬ੍ਰੇਨਲੈਸ (ਬਿਨਾਂ ਦਿਮਾਗ਼ ਵਾਲਾ) ਕਿਵੇਂ ਹੋ ਸਕਦਾ ਹੈ?

Shoaib Akhtar slams 'brainless captain' Sarfaraz Ahmed

ਇਸਲਾਮਾਬਾਦ : ਪਾਕਿਸਤਾਨ ਦੇ ਬਾਬਕਾ ਮੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਵਿਸ਼ਵ ਕੱਪ 2019 ਵਿਚ ਭਾਰਤ ਤੋਂ ਮਿਲੀ 89 ਦੌੜਾਂ ਨਾਲ ਹਾਰ ਲਈ ਸਰਫ਼ਰਾਜ਼ ਅਹਿਮਦ ਦੀ 'ਬੇਵਕੁਫ਼ਾਨਾ ਕਪਤਾਨੀ' ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਪਾਕਿਸਤਾਨ ਕਪਤਾਨ ਨੂੰ ਬਿਨਾ ਦਿਮਾਗ ਵਾਲਾ ਕਰਾਰ ਦਿੰਦਿਆਂ ਕਿਹਾ, ''ਚੈਂਪੀਅਨਸ  ਟ੍ਰਾਫੀ ਦੌਰਾਨ ਜੋ ਗਲਤੀ ਭਾਰਤ ਨੇ ਕੀਤੀ ਸੀ ਪਾਕਿਸਤਾਨ ਨੇ ਉਹ ਗ਼ਲਤੀ ਇਸ ਵਿਸ਼ਵ ਕੱਪ ਵਿਚ ਦੋਹਰਾ ਦਿਤੀ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਕੋਲ ਵੱਡੇ ਬੱਲੇਬਾਜ਼ ਹਨ ਜੋ ਚੰਗੀਆਂ ਦੌੜਾਂ ਬਣਾਉਂਦੇ ਹਨ। ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਭਾਰਤ ਦੇ ਹੱਥੋਂ ਇਹ ਲਗਾਤਾਰ 7ਵੀਂ ਹਾਰ ਹੈ। ਪਾਕਿਸਤਾਨ ਦੀ ਕਰਾਰੀ ਹਾਰ 'ਤੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਕਿਹਾ, ''ਮੈਨੂੰ ਸਮਝ ਨਹੀਂ ਆਉਂਦਾ ਕਿ ਕੋਈ ਇੰਨਾ ਬ੍ਰੇਨਲੈਸ (ਬਿਨਾਂ ਦਿਮਾਗ਼ ਵਾਲਾ) ਕਿਵੇਂ ਹੋ ਸਕਦਾ ਹੈ। ਉਸ ਨੂੰ ਇੰਨੀ ਸਮਝ ਵੀ ਨਹੀਂ ਆਈ ਕਿ ਅਸੀਂ ਟੀਚੇ ਦਾ ਪਿੱਛਾ ਚੰਗਾ ਨਹੀਂ ਕਰਦੇ। ਸਰਫ਼ਰਾਜ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਦਾ ਮਜ਼ਬੂਤ ਪੱਖ ਬੱਲੇਬਾਜ਼ੀ ਨਹੀਂ ਗੇਂਦਬਾਜ਼ੀ ਹੈ। ਪੂਰਾ ਇਤਿਹਾਸ ਦੇਖ ਲਵੋ। ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਆਸਟਰੇਲੀਆ ਤੋਂ ਵੀ ਹਾਰ ਗਈ ਸੀ। ਮੈਂ ਚਾਹੁੰਦਾ ਸੀ ਕਿ ਸਰਫ਼ਰਾਜ਼ ਵਿਚ ਥੋੜਾ ਇਮਰਾਨ ਖ਼ਾਨ ਪਾ ਦੇਵਾਂ ਪਰ ਬਹੁਤ ਦੇਰ ਹੋ ਗਈ।''

ਉਨ੍ਹਾਂ ਕਿਹਾ ਕਿ ਟਾਸ ਜਿੱਤਣਾ ਅਹਿਮ ਸੀ ਪਰ ਸਰਫ਼ਰਾਜ਼ ਨੂੰ ਪਹਿਲਾਂ ਬੱਲੇਬਾਜ਼ੀ ਦੀ ਚੋਣ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ,''ਤੁਸੀ ਟਾਸ ਜਿੱਤ ਕੇ ਅੱਧਾ ਮੈਚ ਤਾਂ ਉੱਥੇ ਹੀ ਜਿੱਤ ਗਏ ਪਰ ਉਸ ਤੋਂ ਬਾਅਦ ਕੀ ਕੀਤਾ। ਤੁਸੀ ਪੂਰੀ ਕੋਸ਼ਿਸ਼ ਕੀਤੀ ਕਿ ਮੈਚ ਹਾਰ ਜਾਈਏ। ਬੇਵਕੁਫ਼ਾਨਾ ਕਪਤਾਨੀ ਅਤੇ ਬੇਵਕੁਫ਼ਾਨਾ ਪ੍ਰਬੰਧ।''