ਸਈਅਦ ਮੁਸ਼ਤਾਕ ਅਲੀ ਟਰਾਫੀ: ਪੰਜਾਬ ਦੀ ਟੀਮ ਨੇ ਬਣਾਇਆ ਇਤਿਹਾਸ ਦਾ ਸੱਭ ਤੋਂ ਵੱਡਾ ਸਕੋਰ

ਏਜੰਸੀ

ਖ਼ਬਰਾਂ, ਖੇਡਾਂ

ਆਂਧਰਾ ਪ੍ਰਦੇਸ਼ ਵਿਰੁਧ ਮੈਚ ਵਿਚ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 275 ਦੌੜਾਂ

Syed Mushtaq Ali Trophy 2023 Punjab Creates History With Highest-ever Score,

 

ਰਾਂਚੀ: ਇਕ ਪਾਸੇ ਜਿਥੇ ਸਾਰਿਆਂ ਦੀਆਂ ਨਜ਼ਰਾਂ ਵਨਡੇ ਵਿਸ਼ਵ ਕੱਪ 2023 'ਤੇ ਟਿਕੀਆਂ ਹੋਈਆਂ ਹਨ, ਉਥੇ ਹੀ ਦੂਜੇ ਪਾਸੇ ਘਰੇਲੂ ਕ੍ਰਿਕਟ 'ਚ ਵੀ ਨੌਜਵਾਨ ਖਿਡਾਰੀ ਚੌਕੇ-ਛੱਕੇ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਘਰੇਲੂ ਟੀ-20 ਟੂਰਨਾਮੈਂਟ ਸਈਅਦ ਮੁਸ਼ਤਾਕ ਅਲੀ ਟਰਾਫੀ 2023 ਵਿਚ ਪੰਜਾਬ ਦੀ ਟੀਮ ਨੇ ਆਂਧਰਾ ਵਿਰੁਧ ਮੈਚ ਵਿਚ 20 ਓਵਰਾਂ ਵਿਚ 275 ਦੌੜਾਂ ਬਣਾ ਕੇ ਇਤਿਹਾਸ ਰਚ ਦਿਤਾ ਹੈ।

ਦੱਸ ਦੇਈਏ ਕਿ ਸਈਅਦ ਮੁਸ਼ਤਾਕ ਅਲੀ ਟਰਾਫੀ 2023 ਦੇ ਇਤਿਹਾਸ ਵਿਚ ਇਹ ਸੱਭ ਤੋਂ ਵੱਡਾ ਸਕੋਰ ਸੀ। ਇਸ ਮੈਚ ਵਿਚ ਪੰਜਾਬ ਲਈ ਸੱਭ ਤੋਂ ਵੱਧ ਦੌੜਾਂ ਦੀ ਪਾਰੀ ਅਭਿਸ਼ੇਕ ਸ਼ਰਮਾ ਨੇ ਖੇਡੀ, ਜਿਸ ਨੇ 9 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ।

ਦਰਅਸਲ ਰਾਂਚੀ 'ਚ ਸਈਅਦ ਮੁਸ਼ਤਾਕ ਅਲੀ ਟਰਾਫੀ ਦਾ ਗਰੁੱਪ ਸੀ ਮੈਚ ਪੰਜਾਬ ਅਤੇ ਆਂਧਰਾ ਵਿਚਾਲੇ ਖੇਡਿਆ ਗਿਆ। ਪੰਜਾਬ ਟੀਮ ਦੇ ਕਪਤਾਨ ਮਨਦੀਪ ਸਿੰਘ ਨੇ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਓਪਨਿੰਗ ਕਰਦੇ ਹੋਏ ਅਭਿਸ਼ੇਕ ਸ਼ਰਮਾ ਅਤੇ ਪ੍ਰਭਸਿਮਰਨ ਸਿੰਘ ਵਿਚਾਲੇ ਪਹਿਲੀ ਵਿਕਟ ਲਈ 93 ਦੌੜਾਂ ਦੀ ਤੇਜ਼ ਸਾਂਝੇਦਾਰੀ ਹੋਈ। ਪ੍ਰਭਸਿਮਰਨ 24 ਦੇ ਨਿੱਜੀ ਸਕੋਰ 'ਤੇ ਪੈਵੇਲੀਅਨ ਪਰਤ ਗਏ।

ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ 42 ਗੇਂਦਾਂ 'ਚ ਸੈਂਕੜਾ ਜੜਿਆ। ਉਸ ਨੇ ਅਪਣੀ ਪਾਰੀ ਵਿਚ ਕੁੱਲ 112 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਆਖਰੀ ਓਵਰ 'ਚ ਬੱਲੇਬਾਜ਼ੀ ਕਰਦੇ ਹੋਏ ਅਨਮੋਲਪ੍ਰੀਤ ਸਿੰਘ ਨੇ ਸਿਰਫ 26 ਗੇਂਦਾਂ 'ਤੇ 300 ਤੋਂ ਜ਼ਿਆਦਾ ਦੇ ਸਟ੍ਰਾਈਕ ਰੇਟ ਨਾਲ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ 'ਚ ਕੁੱਲ 6 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਪੰਜਾਬ ਨੇ 6 ਵਿਕਟਾਂ ਦੇ ਨੁਕਸਾਨ 'ਤੇ 275 ਦੌੜਾਂ ਬਣਾਈਆਂ। ਇਸ ਦੌਰਾਨ ਟੀਮ ਨੇ ਕੁੱਲ 22 ਛੱਕੇ ਲਗਾਏ।

ਜਵਾਬ 'ਚ 276 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਂਧਰਾ ਟੀਮ ਲਈ ਰਿੱਕੀ ਨੇ 104 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਪਾਰੀ ਖੇਡੀ। ਉਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ। ਆਂਧਰਾ ਦੀ ਟੀਮ 20 ਓਵਰਾਂ 'ਚ 7 ਵਿਕਟਾਂ ਗੁਆ ਕੇ 170 ਦੌੜਾਂ 'ਤੇ ਢੇਰ ਹੋ ਗਈ ਅਤੇ ਪੰਜਾਬ ਦੀ ਟੀਮ ਨੇ ਇਹ ਮੈਚ 105 ਦੌੜਾਂ ਨਾਲ ਜਿੱਤ ਲਿਆ।

ਹੁਣ ਤਕ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਇਕ ਮੈਚ ਵਿਚ ਸੱਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਮੁੰਬਈ ਦੀ ਟੀਮ ਦੇ ਨਾਮ ਸੀ, ਜਿਸ ਨੇ ਸਾਲ 2019 ਵਿਚ ਸਿੱਕਮ ਵਿਰੁਧ ਮੈਚ ਵਿਚ 258 ਦੌੜਾਂ ਬਣਾਈਆਂ ਸਨ। ਇਸ ਮੈਚ ਵਿੱਚ ਸ਼੍ਰੇਅਸ ਅਈਅਰ ਨੇ 55 ਗੇਂਦਾਂ ਵਿਚ 147 ਦੌੜਾਂ ਦੀ ਪਾਰੀ ਖੇਡੀ ਸੀ ਜਦਕਿ ਸੂਰਿਆਕੁਮਾਰ ਯਾਦਵ ਨੇ ਵੀ 63 ਦੌੜਾਂ ਬਣਾਈਆਂ ਸਨ।