ਐਫਆਈਐਚ ਸੀਰੀਜ਼: ਫਿਜੀ ਨੂੰ 11-0 ਨਾਲ ਹਰਾ ਕੇ ਸੈਮੀ-ਫਾਈਨਲ ‘ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਗੁਰਜੀਤ ਕੌਰ ਦੀ ਹੈਟ੍ਰਿਕ ਸਮੇਤ ਚਾਰ ਗੋਲ ਦੀ ਮਦਦ ਨਾਲ ਭਾਰਤ ਨੇ ਫਿਜੀ ਨੂੰ ਹਰਾ ਕੇ ਐਫਆਈਐਚ ਸੀਰੀਜ਼ ਫਾਈਨਲ ਹਾਕੀ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿਚ ਜਗ੍ਹਾ ਬਣਾ ਲਈ ਹੈ।

India hammer Fiji 11-0

ਹਿਰੋਸ਼ਿਮਾ: ਗੁਰਜੀਤ ਕੌਰ ਦੀ ਹੈਟ੍ਰਿਕ ਸਮੇਤ ਚਾਰ ਗੋਲ ਦੀ ਮਦਦ ਨਾਲ ਭਾਰਤ ਨੇ ਫਿਜੀ ਨੂੰ 11-0 ਨਾਲ ਹਰਾ ਕੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲ ਹਾਕੀ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਗੁਰਜੀਤ ਕੌਰ ਨੇ 15ਵੇਂ, 19ਵੇਂ, 21ਵੇਂ ਅਤੇ 22ਵੇਂ ਮਿੰਟ ਵਿਚ ਗੋਲ ਕੀਤੇ। ਲਾਲਰੇਮਸਿਆਮੀ (ਚੌਥੇ ਮਿੰਟ), ਰਾਣੀ (10ਵੇਂ), ਵੰਦਨਾ ਕਟਾਰੀਆ (12ਵੇਂ), ਲਿਲਿਮਾ ਮਿੰਜ (51ਵੇਂ) ਅਤੇ ਨਵਨੀਤ ਕੌਰ (57ਵੇਂ)  ਨੇ ਵੀ ਗੋਲ ਕੀਤੇ।

ਦੁਨੀਆ ਦੀ 9ਵੇਂ ਨੰਬਰ ਦੀ ਟੀਮ ਭਾਰਤ ਨੇ ਸ਼ੁਰੂ ਤੋਂ ਹੀ ਫਿਜੀ ‘ਤੇ ਦਬਾਅ ਬਣਾ ਲਿਆ ਸੀ। ਪਹਿਲੇ ਕੁਆਟਰ ਵਿਚ ਭਾਰਤ ਨੇ ਚੌਥੇ ਹੀ ਮਿੰਟ ਵਿਚ ਲਾਲਰੇਮਸਿਆਮੀ ਦੇ ਗੋਲ ਦੀ ਬਦੌਲਤ  ਬੜਤ ਬਣਾ ਲਈ। ਕਪਤਾਨ ਰਾਣੀ ਨੇ 10ਵੇਂ ਮਿੰਟ ਵਿਚ ਪਨੇਲਟੀ ਕਾਰਨਰ ‘ਤੇ ਗੋਲ ਕੀਤਾ। ਅਗਲੇ ਮਿੰਟ ਮੋਨਿਕਾ ਨੇ ਨੇਹਾ ਗੋਇਲ ਦੇ ਪਾਸ ‘ਤੇ ਗੋਲ ਕਰ ਕੇ ਬੜਤ ਤਿੰਨ ਗੁਣਾ ਕਰ ਦਿੱਤੀ।

ਵੰਦਨਾ ਕਟਾਰੀਆ ਨੇ 12ਵੇਂ ਮਿੰਟ ਵਿਚ ਗੋਲ ਕੀਤਾ। ਗੁਰਜੀਤ ਕੌਰ ਨੇ ਪਹਿਲੇ ਕੁਆਟਰ ਦੇ ਆਖ਼ਰੀ ਮਿੰਟ ਵਿਚ ਅਪਣਾ ਪਹਿਲਾ ਗੋਲ ਦਾਗਿਆ। ਉਸ ਨੇ ਦੂਜਾ ਗੋਲ 19ਵੇਂ ਮਿੰਟ ਵਿਚ ਪਨੇਲਟੀ ਕਾਰਨਰ ‘ਤੇ ਕੀਤਾ। ਦੋ ਮਿੰਟ ਬਾਅਦ ਹੀ ਉਸ ਨੇ ਹੈਟ੍ਰਿਕ ਪੂਰੀ ਕੀਤੀ ਅਤੇ ਅਗਲੇ ਮਿੰਟ ਪਨੇਲਟੀ ਕਾਰਨਰ ‘ਤੇ ਚੌਥਾ ਗੋਲ ਦਾਗਿਆ। ਤੀਜੇ ਕੁਆਟਰ ਵਿਚ ਮੋਨਿਕਾ ਨੇ ਭਾਰਤ ਦਾ 9ਵਾਂ ਗੋਲ 33ਵੇਂ ਮਿੰਟ ਵਿਚ ਕੀਤਾ।  ਲਿਲਿਮਾ ਨੇ 52ਵੇਂ ਮਿੰਟ ਵਿਚ ਅਤੇ ਛੇ ਮਿੰਟ ਬਾਅਦ ਨਵਨੀਤ ਨੇ ਗੋਲ ਦਾਗਿਆ। ਭਾਰਤੀ ਹਾਕੀ ਟੀਮ ਸ਼ਨੀਵਾਰ ਨੂੰ ਸੈਮੀ-ਫਾਈਨਲ ਖੇਡੇਗੀ।