Ind vs Aus Final World Cup Weather Update: ਅਹਿਮਦਾਬਾਦ 'ਚ ਕਿਵੇਂ ਦਾ ਰਹੇਗਾ ਮੌਸਮ? ਪੜ੍ਹੋ ਰਿਪੋਰਟ
ਹਾਲਾਂਕਿ, ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮੀਂਹ ਦੇ ਮਾਮਲੇ ਵਿਚ ਇੱਕ ਰਿਜ਼ਰਵ ਡੇ ਰੱਖਿਆ ਹੈ।
Ind vs Aus Final World Cup Weather News - ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਐਤਵਾਰ (19 ਨਵੰਬਰ) ਨੂੰ ਹੋਣ ਵਾਲੇ ਵਿਸ਼ਵ ਕੱਪ 2023 ਦੇ ਫਾਈਨਲ 'ਤੇ ਟਿਕੀਆਂ ਹੋਈਆਂ ਹਨ। ਖਿਤਾਬੀ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨੇ ਪੂਰੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਜਿੱਥੇ ਪੂਰੇ ਵਿਸ਼ਵ ਕੱਪ ਵਿਚ 10 ਮੈਚ ਜਿੱਤ ਕੇ ਅਜੇਤੂ ਰਿਹਾ ਹੈ, ਉੱਥੇ ਹੀ ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਨੇ 10 ਵਿਚੋਂ 8 ਮੈਚ ਜਿੱਤੇ ਹਨ।
ਭਾਰਤ ਜਿੱਥੇ ਆਪਣੇ ਤੀਜੇ ਖ਼ਿਤਾਬ ਦੀ ਭਾਲ ਕਰ ਰਿਹਾ ਹੈ, ਉੱਥੇ ਹੀ ਆਸਟ੍ਰੇਲੀਆ ਛੇਵਾਂ ਖ਼ਿਤਾਬ ਹਾਸਲ ਕਰਨ ਲਈ ਭਾਰਤ ਨਾਲ ਭਿੜੇਗਾ। ਮੈਚ ਤੋਂ ਪਹਿਲਾਂ ਹਰ ਕਿਸੇ ਦੀਆਂ ਨਜ਼ਰਾਂ ਮੌਸਮ 'ਤੇ ਟਿਕੀਆਂ ਹੋਈਆਂ ਹਨ। ਕ੍ਰਿਕਟ ਪ੍ਰਸ਼ੰਸਕਾਂ ਨੂੰ ਵੀ ਪੂਰੇ 100 ਓਵਰਾਂ ਦੇ ਰੋਮਾਂਚਕ ਮੈਚ ਦੀ ਉਮੀਦ ਹੈ। ਫਾਈਨਲ ਮੈਚ ਦੌਰਾਨ ਅਹਿਮਦਾਬਾਦ ਵਿਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਹਾਲਾਂਕਿ, ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮੀਂਹ ਦੇ ਮਾਮਲੇ ਵਿਚ ਇੱਕ ਰਿਜ਼ਰਵ ਡੇ ਰੱਖਿਆ ਹੈ। ਐਤਵਾਰ (19 ਨਵੰਬਰ) ਨੂੰ ਅਹਿਮਦਾਬਾਦ ਵਿਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਾਈਨਲ ਮੈਚ 'ਤੇ ਮੀਂਹ ਦਾ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਇਸ ਦੌਰਾਨ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਤਾਪਮਾਨ ਘਟਣ ਨਾਲ ਸ਼ਾਮ ਨੂੰ ਤ੍ਰੇਲ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਵਾਲੀ ਟੀਮ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗੀ। ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਇਸ ਫਾਈਨਲ ਮੈਚ ਲਈ ਦੋਵੇਂ ਟੀਮਾਂ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਕੀਨੀਆ ਦੀ ਮੇਜ਼ਬਾਨੀ 'ਚ ਖੇਡੇ ਗਏ ਵਿਸ਼ਵ ਕੱਪ 2003 ਦੇ ਫਾਈਨਲ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ।
ਜੋਹਾਨਸਬਰਗ ਦੇ ਵਾਂਡਰਰਸ ਮੈਦਾਨ 'ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖਿਤਾਬੀ ਮੁਕਾਬਲਾ ਖੇਡਿਆ ਗਿਆ। ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਟੀਮ ਨੂੰ ਫਾਈਨਲ ਮੈਚ ਵਿਚ 125 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ 20 ਸਾਲ ਬਾਅਦ ਭਾਰਤ 'ਚ ਹੋਣ ਵਾਲੇ ਇਸ ਵਿਸ਼ਵ ਕੱਪ 'ਚ ਹਾਲਾਤ ਬਿਲਕੁਲ ਵੱਖਰੇ ਹਨ। ਭਾਰਤੀ ਟੀਮ ਸ਼ਾਨਦਾਰ ਫਾਰਮ 'ਚ ਹੈ ਅਤੇ ਘਰੇਲੂ ਹਾਲਾਤ ਦਾ ਵੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ।
(For more news apart from Ind vs Aus Final World Cup Weather Update , stay tuned to Rozana Spokesman)