ਕਸ਼ਮੀਰ ਦੀ ਪਹਿਲੀ ਮਹਿਲਾ ਫ਼ੁਟੱਬਾਲ ਕੋਚ ਬਣੀ ਨਾਦੀਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫ਼ੁਟੱਬਾਲ ਨੂੰ ਅਪਣੇ ਖੇਤਰ ਦੇ ਤੌਰ 'ਤੇ ਚੁਣਨ ਵੇਲ੍ਹੇ  ਨਾਦੀਆ ਨੂੰ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

Nadia Nighat

ਜੰਮੂ-ਕਸ਼ਮੀਰ, ( ਭਾਸ਼ਾ): ਜੰਮੂ-ਕਸ਼ਮੀਰ ਦੀ ਨਾਦੀਆ ਨਿਗਹਤ ਨੇ ਪਹਿਲੀ ਕਸ਼ਮੀਰੀ ਮਹਿਲਾ ਫ਼ੁਟੱਬਾਲ ਕੋਚ ਬਣ ਕੇ ਇਕ ਵਾਰ ਫਿਰ ਇਹ ਸਾਬਤ ਕਰ ਦਿਤਾ ਹੈ ਕਿ ਔਰਤਾਂ ਕਿਸੇ ਵੀ ਖੇਤਰ ਵਿਚ ਅਪਣਾ ਹੁਨਰ ਵਿਖਾ ਸਕਦੀਆਂ ਹਨ। 20 ਸਾਲ ਦੀ ਨਾਦੀਆ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੀ ਰਹਿਣ ਵਾਲੀ ਹੈ। ਫ਼ੁਟੱਬਾਲ ਨੂੰ ਅਪਣੇ ਖੇਤਰ ਦੇ ਤੌਰ 'ਤੇ ਚੁਣਨ ਵੇਲ੍ਹੇ  ਨਾਦੀਆ ਨੂੰ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਬੰਧੀ ਨਾਦੀਆ ਨੇ ਦੱਸਿਆ ਕਿ ਜਦ ਮੈਂ ਪਹਿਲੀ ਵਾਰ ਟਰੇਨਿੰਗ ਲਈ ਕਾਲਜ ਜਾਣਾ ਸ਼ੁਰੂ ਕੀਤਾ

ਤਾਂ ਉਸ ਵੇਲ੍ਹੇ 40-50 ਲੜਕਿਆਂ ਵਿਚਕਾਰ ਮੈਂ ਇਕੱਲੀ ਲੜਕੀ ਸੀ। ਲੜਕਿਆਂ ਦੇ ਨਾਲ ਫ਼ੁਟੱਬਾਲ ਦੀ ਵਰਦੀ ਪਾ ਕੇ ਖੇਡਣ ਵਿਚ ਮੈਨੂੰ ਅਤੇ ਮੇਰੇ ਪਰਵਾਰ ਨੂੰ ਬਹੁਤ ਸਾਰੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂਆਤ ਵਿਚ ਮੇਰਾ ਪਰਵਾਰ ਇਸ ਦੇ ਵਿਰੁਧ ਸੀ ਪਰ ਬਾਅਦ ਵਿਚ ਮੇਰੇ ਪਿਤਾ ਅਤੇ ਮੇਰੇ ਪਰਵਾਰ ਨੇ ਮੈਨੂੰ ਲੋੜੀਂਦਾ ਸਹਿਯੋਗ ਦਿਤਾ। ਬਚਪਨ ਤੋਂ ਹੀ ਨਾਦੀਆ ਨੂੰ ਫ਼ੁਟੱਬਾਲ ਦਾ ਸ਼ੌਂਕ ਸੀ। ਉਸ ਨੇ ਅਮਰ ਸਿੰਘ ਸਕੂਲ ਤੋਂ ਇਸ ਖੇਡ ਦੀਆਂ ਬਾਰੀਕੀਆਂ ਨੂੰ ਸਿੱਖਿਆ। ਕਸ਼ਮੀਰ ਦੀ ਫ਼ੁਟੱਬਾਲ ਐਸੋਸੀਏਸ਼ਨ ਨੇ ਨਾਦੀਆ ਦੀ ਬਹੁਤ ਮਦਦ ਕੀਤੀ।

ਕੌਮੀ ਪੱਧਰ ਦੀ ਖਿਡਾਰਨ ਨਾਦੀਆ ਦੱਸਦੀ ਹੈ ਕਿ ਰਾਜ ਵਿਚ ਕਰਫਿਊ ਦੌਰਾਨ ਮੈਂ ਘਰ ਵਿਚ ਹੀ ਪ੍ਰੈਕਟਿਸ ਕਰਦੀ ਸੀ। ਉਸ ਦਾ ਕਹਿਣਾ ਹੈ ਕਿ ਅਪਣੇ ਸੁਪਨੇ ਨੂੰ ਜੀਉਣਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਕਿਉਂਕਿ ਸੁਪਨੇ ਨੂੰ ਹਕੀਕਤ ਵਿਚ ਬਦਲਣਾ ਬਹੁਤ ਔਖਾ ਹੁੰਦਾ ਹੈ ਅਤੇ ਇਸਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਨਾਦੀਆ ਇਸ ਵੇਲੇ ਮਹਾਰਾਸ਼ਟਰਾ ਦੇ ਠਾਣੇ ਸਥਿਤ ਇਕ ਸਕੂਲ ਵਿਚ ਬੱਚਿਆਂ ਨੂੰ ਫ਼ੁਟੱਬਾਲ ਸਿਖਾਉਂਦੀ ਹੈ। ਨਾਦੀਆ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਫ਼ੁਟੱਬਾਲ ਖੇਡਣ ਲਈ ਵੀ ਉਤਸ਼ਾਹਿਤ ਕਰਨ।