ਗੁਫ਼ਾ 'ਚੋਂ ਸਾਰੇ ਬੱਚਿਆਂ ਅਤੇ ਕੋਚ ਨੂੰ ਬਾਹਰ ਕਢਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ 'ਚ ਫਸੀ ਫ਼ੁਟਬਾਲ ਟੀਮ ਦੇ ਸਾਰੇ 12 ਬੱਚਿਆਂ ਅਤੇ ਕੋਚ ਨੂੰ ਮੰਗਲਵਾਰ ਸ਼ਾਮ ਸੁਰੱਖਿਅਤ ਬਾਹਰ ਕੱਢ ਲਿਆ ਗਿਆ..........

Thailand Football Team

ਬੈਂਕਾਕ  : ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ 'ਚ ਫਸੀ ਫ਼ੁਟਬਾਲ ਟੀਮ ਦੇ ਸਾਰੇ 12 ਬੱਚਿਆਂ ਅਤੇ ਕੋਚ ਨੂੰ ਮੰਗਲਵਾਰ ਸ਼ਾਮ ਸੁਰੱਖਿਅਤ ਬਾਹਰ ਕੱਢ ਲਿਆ ਗਿਆ। 8 ਜੁਲਾਈ ਨੂੰ ਅੰਤਮ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ, ਜੋ 10 ਜੁਲਾਈ ਨੂੰ ਖ਼ਤਮ ਹੋਈ। ਅੰਤਮ ਦਿਨ ਕੋਚ ਇਕਾਪੋਲ ਚਾਂਟਾਵਾਂਗ (25) ਸਮੇਤ ਟੀਮ ਦੇ 5 ਮੈਂਬਰਾਂ ਨੂੰ ਬਾਹਰ ਕੱਢਿਆ ਗਿਆ। 23 ਜੂਨ ਨੂੰ ਗੁਫ਼ਾ ਵੇਖਣ ਗਈ ਟੀਮ ਹੜ੍ਹ ਕਾਰਨ ਅੰਦਰ ਫਸ ਗਈ ਸੀ। 9 ਦਿਨ ਬਾਅਦ ਦੋ ਬ੍ਰਿਟਿਸ਼ ਗੋਤਾਖ਼ੋਰਾਂ ਨੇ ਗੁਫ਼ਾ 'ਚ ਫਸੇ ਬੱਚਿਆਂ ਨੂੰ ਸੱਭ ਤੋਂ ਪਹਿਲਾਂ ਲੱਭਿਆ ਸੀ।

ਇਸ ਘਟਨਾ ਦਾ ਵੀਡੀਉ ਸਾਹਮਣੇ ਆਇਆ ਸੀ। ਮੁਸ਼ਕਲ ਹਾਲਾਤ 'ਚ ਇੰਨੇ ਦਿਨ ਤਕ ਸੰਘਰਸ਼ ਕਰਨ ਵਾਲੇ ਟੀਮ ਦੇ ਮੈਂਬਰਾਂ ਨੂੰ 'ਬ੍ਰਿਲੀਐਂਟ 13' ਦਾ ਨਾਂ ਦਿਤਾ ਗਿਆ। ਬਚਾਅ ਮੁਹਿੰਮ ਦੇ ਅੰਤਮ ਦਿਨ 11ਵਾਂ ਬੱਚਾ ਚੈਨਿਨ ਵਿਬੂਰਾਂਗੈਂਗ ਬਾਹਰ ਆਇਆ। ਉਹ ਜੂਨੀਅਰ ਫ਼ੁਟਬਾਲ ਟੀਮ ਦਾ ਸੱਭ ਤੋਂ ਛੋਟਾ ਸਾਥੀ ਹੈ। ਟੀਮ ਦੇ ਸਾਰੇ ਮੈਂਬਰ ਉਸ ਨੂੰ ਟਾਈਟਨ ਦੇ ਨਾਂ ਤੋਂ ਬੁਲਾਉਂਦੇ ਹਨ। ਉਸ ਨੇ 5 ਸਾਲ ਪਹਿਲਾਂ ਫ਼ੁਟਬਾਲ ਖੇਡਣਾ ਸ਼ੁਰੂ ਕੀਤਾ ਸੀ। ਇਨ੍ਹਾਂ ਬੱਚਿਆਂ ਨੂੰ ਮਾਸਕ ਪਹਿਨਾ ਕੇ ਅਤੇ ਆਕਸੀਜਨ ਸਿਲੰਡਰ ਰਾਹੀਂ ਆਕਸੀਜਨ ਦਿੰਦਿਆਂ ਪਾਣੀ 'ਚੋਂ ਬਾਹਰ ਕਢਿਆ ਗਿਆ।

ਵਿਚਕਾਰ ਗੁਫ਼ਾ ਦਾ ਰਸਤਾ ਤੰਗ ਹੋਣ ਕਾਰਨ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਅਜਿਹੇ 'ਚ ਐਤਵਾਰ ਨੂੰ ਹਨੇਰਾ ਹੋਣ ਤਕ ਚਾਰ ਬੱਚੇ ਹੀ ਕੱਢੇ ਜਾ ਸਕੇ ਅਤੇ ਫਿਰ ਇਸ ਮੁਹਿੰਮ ਨੂੰ ਸੋਮਵਾਰ ਸਵੇਰ ਤਕ ਰੋਕ ਦਿਤਾ ਗਿਆ ਸੀ।  ਇਸ ਮਗਰੋਂ ਸੋਮਵਾਰ ਨੂੰ ਫਿਰ ਚਾਰ ਬੱਚਿਆਂ  ਨੂੰ ਬਾਹਰ ਲਿਆਇਆ ਗਿਆ ਸੀ  ਜ਼ਿਕਰਯੋਗ ਹੈ

ਕਿ 23 ਜੂਨ ਨੂੰ ਫ਼ੁਟਬਾਲ ਟੀਮ ਦੇ 12 ਲੜਕੇ ਅਤੇ ਉਨ੍ਹਾਂ ਦਾ ਕੋਚ ਮੀਂਹ ਕਾਰਨ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਥਾਮ ਲੁਆਂਗ ਗੁਫ਼ਾ ਵਿਚ ਫਸ ਗਏ ਸਨ। ਇਹ ਸਾਰੇ ਫ਼ੁਟਬਾਲ ਮੈਚ ਦਾ ਅਭਿਆਸ ਕਰਨ ਮਗਰੋਂ ਗੁਫ਼ਾ ਅੰਦਰ ਗਏ ਸਨ। ਇਹ ਸਾਰੇ ਗੁਫ਼ਾ 'ਚ 4 ਕਿਲੋਮੀਟਰ ਅੰਦਰ ਫਸੇ ਹੋਏ ਸਨ, ਜਿਥੋਂ ਬਾਹਰ ਆਉਣ ਦਾ ਰਾਹ ਬੇਹੱਦ ਮੁਸ਼ਕਲ  ਹੈ। (ਪੀਟੀਆਈ)