ਅਫ਼ਰੀਕਾ ਦਾ ਨਿਊਜ਼ੀਲੈਂਡ ਨਾਲ ਅੱਜ ਹੋਵੇਗਾ ਰੋਮਾਂਚਕ ਮੁਕਾਬਲਾ, ਅਫ਼ਰੀਕਾ ਲਈ ਹੋਵੇਗਾ ਕਰੋ ਜਾਂ ਮਰੋ

ਏਜੰਸੀ

ਖ਼ਬਰਾਂ, ਖੇਡਾਂ

ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਚੱਲ ਰਹੇ ਨਿਊਜ਼ੀਲੈਂਡ ਵਿਰੱਧ ਆਈਸੀਸੀ ਕ੍ਰਿਕਟ ਵਿਸ਼ਵ ਕੱਪ...

Sauth Africa vs New Zealand

ਬਰਮਿੰਘਮ: ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਚੱਲ ਰਹੇ ਨਿਊਜ਼ੀਲੈਂਡ ਵਿਰੱਧ ਆਈਸੀਸੀ ਕ੍ਰਿਕਟ ਵਿਸ਼ਵ ਕੱਪ  ਦੱਖੀਣੀ ਅਫ਼ਰੀਕਾ ਦਾ ਅੱਜ ਬਰਮਿੰਘਮ ਵਿਚ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ। ਟੂਰਨਾਮੈਂਟ ਵਿਚ ਬਣੇ ਰਹਿਣ ਤੇ ਸੈਮੀਫ਼ਾਈਨਲ ਦੀ ਦੌੜ ਵਿਚ ਬਰਕਰਾਰ ਰਹਿਣ ਲਈ ਦੱਖਣੀ ਅਫ਼ਰੀਕਾ ਨੂੰ ਨਿਊਜ਼ੀਲੈਂਡ ਵਿਰੁੱਧ ਹਰ ਹਾਲ ਵਿਚ ਮੁਕਾਬਲਾ ਜਿੱਤਣਾ ਪਵੇਗਾ। ਦੱਖਣੀ ਅਫ਼ਰੀਕਾ ਦੇ 5 ਮੈਚਾਂ ‘ਚੋਂ 3 ਹਾਰ, 1 ਜਿੱਤ ਤੇ 1 ਰੱਦ ਨਤੀਜੇ ਨਾਲ 3 ਅੰਕ ਹਨ ਤੇ ਉਹ ਫਿਲਹਾਲ ਅੰਕ ਸੂਚੀ ਵਿਚ 8ਵੇਂ ਸਥਾਨ ‘ਤੇ ਹੈ, ਜਦਕਿ ਟੂਰਨਾਮੈਂਟ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਨਿਊਜ਼ੀਲੈਂਡ ਦੇ 4 ਮੈਚਾਂ ਵਿਚੋਂ 3 ਜਿੱਤਾਂ ਤੇ 1 ਰੱਦ ਮੈਚ ਨਾਲ 7 ਅੰਕ ਹਨ।

ਭਾਵੇਂ ਹੀ ਨਿਊਜ਼ੀਲੈਂਡ ਇਸ ਮੁਕਬਲੇ ਦਾ ਦਾਅਵੇਦਾਰ ਹੈ ਪਰ ਦੱਖਣੀ ਅਫ਼ਰੀਕਾ ਕੋਲ ਵੀ ਬਿਹਤਰੀਨ ਟੀਮ ਹੈ ਤੇ ਅਜਿਹੇ ਖਿਡਾਰੀ ਹਨ, ਜਿਹੜੇ ਮੈਚ ਦਾ ਪਾਸੇ ਅਪਣੇ ਵੱਲੋ ਮੋੜਨ ਦੀ ਸਮਰੱਥਾ ਰੱਖਦੇ ਹਨ। ਹਾਲਾਂਕਿ ਦੱਖਣੀ ਅਫ਼ਰੀਕਾ ਇਸ ਵਿਸ਼ਵ ਕੱਪ ਵਿਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰ ਸਕਣ ਵਿਚ ਅਜੇ ਤੱਕ ਅਸਫ਼ਲ ਰਹੀ ਹੈ. ਦੱਖਣੀ ਅਫ਼ਰੀਕਾ ਨੂੰ ਪਹਿਲੇ ਮੈਚ ਵਿਚ ਮੇਜ਼ਬਾਨ ਇੰਗਲੈਂਡ ਹੱਥੋਂ ਕਰਾਰੀ ਹਾਰ ਝੱਲਣੀ ਪਈ ਸੀ ਤੇ ਦੂਜੇ ਮੈਚ ਵਿਚ ਉਸ ਨੂੰ ਬੰਗਲਾਦੇਸ਼ ਨੇ ਵੱਡੇ ਉਲਟਫੇਰ ਦਾ ਸ਼ਿਕਾਰ ਕਰਦਿਆਂ 21 ਦੌੜਾਂ ਨਾਲ ਹਰਾ ਦਿੱਤਾ ਸੀ।

ਦੱਖਣੀ ਅਫ਼ਰੀਕਾ ਦਾ ਤੀਜਾ ਮੁਕਾਬਲਾ ਭਾਰਤ ਨਾਲ ਸੀ ਤੇ ਉਥੇ ਵੀ ਉਸ ਨੂੰ ਮੂੰਹ ਦੀ ਹੀ ਖਾਣੀ ਪਈ ਸੀ। ਹਾਲਾਂਕਿ ਵੈਸਟਇੰਜੀਜ਼ ਵਿਰੁੱਧ ਉਸਦਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ ਤੇ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ ਸੀ ਪਰ ਇਸ ਮੁਕਾਬਲੇ ਵਿਚ ਵੀ ਉਸਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਤੇ 7.3 ਓਵਰਾਂ ਵਿਚ ਉਸ ਨੇ 2 ਵਿਕਟਾਂ ਗੁਆ ਕੇ 29 ਦੌੜਾਂ ਬਣਾਈਆਂ ਸਨ। ਦੱਖਣੀ ਅਫ਼ਰੀਕਾ ਨੇ ਪਿਛਲੇ ਮੁਕਾਬਲੇ ਵਿਚ ਅਫ਼ਗਾਨਿਸਤਾਨ ਨੂੰ ਹਰਾ ਕੇ ਇਸ ਵਿਸ਼ਵ ਕੱਪ ਵਿਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਸੀ।

ਦੱਖਣੀ ਅਫ਼ਰੀਕਾ ਦੇ ਹੁਣ 4 ਮੈਚ ਬਾਕੀ ਹਨ ਤੇ ਸੈਮੀਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਉਸ ਨੂੰ ਸਾਰੇ ਮੁਕਾਬਲੇ ਜਿੱਤਣੇ ਪੈਣਗੇ। ਅਜਿਹੇ ਵਿਚ ਨਿਊਜ਼ੀਲੈਂਡ ਵਰਗੀ ਸੰਤੁਲਿਤ ਟੀਮ ਵਿਰੁੱਧ ਉਸ ਨੂੰ ਹਰ ਵਿਭਾਗ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਕੇ ਟੂਰਨਾਮੈਂਟ ਵਿਚ ਵਾਪਸੀ ਕਰਨੀ ਪਵੇਗੀ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਦਾ ਵਿਸ਼ਵ ਕੱਪ ਵਿਚ ਹੁਣ ਤੱਕ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ ਤੇ ਉਸ ਨੂੰ ਇਕ ਵੀ ਮੁਕਾਬਲੇ ਵਿਚ ਹਾਰ ਦਾ ਸਹਾਮਣਾ ਨਹੀਂ ਕਰਨਾ ਪਿਆ।

ਨਿਊਜ਼ੀਲੈਂਡ ਨੇ ਪਹਿਲੇ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ ਸੀ, ਜਦਕਿ ਦੂਜੇ ਮੁਕਾਬਲੇ ਵਿਚ ਉਸਦਾ ਸਾਹਮਣਾ ਉਲਟਫੇਰ ਕਰਨ ਵਿਚ ਮਾਹਰ ਬੰਗਲਾਦੇਸ਼ ਨਾਲ ਸੀ, ਜਿੱਥੇ ਉਸ ਨੂੰ 2 ਵਿਕਟਾਂ ਨਾਲ ਜਿਤ ਮਿਲੀ ਸੀ। ਤੀਜੇ ਮੁਕਾਬਲੇ ਵਿਚ ਨਿਊਜ਼ੀਲੈਂਡ ਨੇ ਅਫ਼ਗਾਨਿਸਤਾਨ ਨੂੰ ਹਰਾਇਆ ਸੀ। ਭਾਰਤ ਵਿਰੱਧ ਉਸਦਾ ਚੌਥਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ।