ਵਿਸ਼ਵ ਕ੍ਰਿਕਟ ਕੱਪ: ਭਾਰਤ-ਪਾਕਿ ਦਾ ਮੁਕਾਬਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਅੱਜ ਪਾਕਿਸਤਾਨ ਵਿਰੁਧ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿਚ ਯਕੀਨੀ ਤੌਰ 'ਤੇ ਜਿੱਤ ਦੀ ਪ੍ਰਬਲ ਦਾਵੇਦਾਰ ਹੋਵੇਗੀ।

World Cup 2019

ਮੈਨਚੈਸਟਰ: ਭਾਰਤੀ ਟੀਮ ਅੱਜ ਪਾਕਿਸਤਾਨ ਵਿਰੁਧ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿਚ ਯਕੀਨੀ ਤੌਰ 'ਤੇ ਜਿੱਤ ਦੀ ਪ੍ਰਬਲ ਦਾਵੇਦਾਰ ਹੋਵੇਗੀ, ਹਾਲਾਂਕਿ ਸੰਭਾਵਨਾ ਹੈ ਕਿ ਬਰਸਾਤ ਕ੍ਰਿਕਟ ਪ੍ਰੇਮੀਆਂ ਦਾ ਮਜ਼ਾ ਕਿਰਕਿਰਾ ਕਰ ਸਕਦੀ ਹੈ ਜਿਨ੍ਹਾਂ ਲਈ ਦੋਹਾਂ ਦੇਸ਼ਾਂ ਵਿਚਾਲੇ ਕ੍ਰਿਕਟ ਮੈਚ ਹਮੇਸ਼ਾਂ ਦਿਲਚਸਪ ਤੇ ਉਤਸ਼ਾਹ ਨਾਲ ਭਰਿਆ ਹੋਇਆ ਹੁੰਦਾ ਹੈ। ਭਲੇ ਹੀ ਖਿਡਾਰੀਆਂ ਨੂੰ ਲੱਗੇ ਕਿ ਉਹ ਇਕ ਹੋਰ ਮੈਚ ਵਾਂਗੂੰ ਹੀ ਹੋਵੇਗਾ ਪਰ ਸ਼ਾਇਦ ਸਾਰੇ ਦਿਲ ਵਿਚ ਜਾਣਦੇ ਹਨ ਕਿ ਉਹ ਇਕ ਵਿਸ਼ੇਸ਼ ਮੈਚ ਹੈ। ਮੋਹੰਮਦ ਆਮਿਰ ਅਤੇ ਵਹਾਬ ਰਿਆਜ਼ ਦੇ ਕੌਸ਼ਲ ਸਾਹਮਣੇ ਲੋਕੇਸ਼ ਰਹੁਲ ਦੀ ਤਕਨੀਕ ਦੀ ਪ੍ਰੀਖਿਆ ਹੋਵੇਗੀ।

ਸਚਿਨ ਤੇਂਦੁਲਕਰ ਨੇ ਵੀ ਭਾਰਤੀ ਬੱਲੇਬਾਜ਼ੀ ਨੂੰ ਆਮਿਰ ਵਿਰੁਧ ਜ਼ਿਆਦਾ ਹਮਲਾਵਰ ਹੋਣ ਦੀ ਸਲਾਹ ਦਿਤੀ ਜਦੋਂਕਿ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਆਦਰਸ਼ ਮਾਨਸਿਕਤਾ ਨਾਲ ਮੈਦਾਲ ਵਿਚ ਉਤਰਨਗੇ, ਹਾਲਾਂਕਿ ਪਹਿਲੀ ਵਾਰ ਪਾਕਿਸਤਾਨ ਵਿਰੁਧ ਖੇਡ ਰਹੇ ਖਿਡਾਰੀਆਂ ਲਈ ਇਹ ਮੌਕਾ ਥੋੜ੍ਹਾ ਦਬਾਅ ਵਧਾਉਣ ਵਾਲਾ ਹੋਵੇਗਾ। ਭਾਰਤ-ਪਾਕਿ ਵਿਚਾਲੇ ਕ੍ਰਿਕਟ ਮੁਕਾਬਲਾ ਵਿਸ਼ਵ ਕੱਪ ਦਾ ਹੋਵੇ ਜਾਂ ਫਿਰ ਕੋਈ ਹੋਰ ਮੈਚ ਉਹ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਪ੍ਰਸ਼ੰਸਕ ਮੈਚ ਨਤੀਜੇ ਦੇ ਹਿਸਾਬ ਨਾਲ ਹੀਰੋ ਤੇ ਵਿਲੇਨ ਬਣਾ ਲੈਂਦੇ ਹਨ ਜੋ ਤਾਉਮਰ ਬਰਕਰਾਰ ਰਹਿੰਦਾ ਹੈ।  

ਅਜੇ ਜਡੇਜਾ ਦਾ 1996 ਵਿਸ਼ਵ ਕੱਪ ਕਵਾਰਟਰਫ਼ਾਈਨਲ ਵਿਚ ਵਕਾਰ ਯੁਨਸ ਦੀਆਂ ਗੇਂਦਾਂ ਦੀਆਂ ਧੱਜੀਆ ਉਡਾਉਣਾ ਹੋਵੇ ਜਾਂ ਫਿਰ ਸਲੀਮ ਮਲਿਕ ਦਾ ਇੰਡਨ ਗਾਰਡਨ ਵਿਚ 1987 ਵਿਚ ਟੀਚੇ ਦਾ ਪਿੱਛਾ ਕਰਦੇ ਹੋਏ 35 ਗੇਂਦਾਂ ਵਿਚ 72 ਦੌੜਾਂ ਦੀ ਪਾਰੀ ਖੇਡ ਕੇ 90 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਨੂੰ ਹੈਰਾਨ ਕਰਨਾ ਕੁਝ ਅਜਿਹੇ ਕਿੱਸੇ ਹਨ।  

ਇਸ ਮੈਚ ਦਾ ਮੁੱਲ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦਰਸ਼ਕ ਮਹਿੰਗੇ ਮੁੱਲ 'ਤੇ ਟਿਕਟਾਂ ਬਲੈਕ ਵਿਚ ਲੈ ਰਹੇ ਹਨ। ਭਾਰਤ ਨੇ ਹਾਲੇ ਤਕ ਵਿਸ਼ਵ ਕੱਪ ਵਿਚ ਪਾਕਿਸਤਾਨ ਵਿਰੁਧ ਸਾਰੇ ਛੇ ਮੈਚ ਜਿੱਤੇ ਹਨ ਜੋ ਇਕਤਰਫ਼ਾ ਰਹੇ। ਦੋਹਾਂ ਵਿਚਾਲੇ ਸਰਹੱਦ ਪਾਰ ਤਨਾਅ ਕਾਰਨ ਕੋਈ ਸੀਰੀਜ਼ ਨਹੀ ਖੇਡੀ ਗਈ ਹੈ। ਕੋਹਲੀ ਦਾ ਪਾਕਿਸਤਾਨ ਵਿਰੁਧ ਸ਼ਾਨਦਾਰ ਰੀਕਾਰਡ ਰਿਹਾ ਹੈ। ਦੂਜੇ ਪਾਸੇ ਨੌਜੁਆਨ ਖਿਡਾਰੀ ਜਿਵੇਂ ਕਿ ਅਲੀ ਸ਼ਾਹੀਨ ਸ਼ਾਹ ਅਫ਼ਰੀਦੀ ਲਈ ਇਹ ਪ੍ਰੀਖਿਆ ਦੀ ਘੜੀ ਹੈ ਕਿਉਂਕਿ ਉਸ ਨੇ ਦੁਨੀਆਂ ਦੇ ਚੋਟੀ ਦੇ ਬੱਲੇਬਾਜ਼ਾਂ ਵਿਰੁਧ ਗੇਂਦਬਾਜ਼ੀ ਨਹੀਂ ਕੀਤੀ ਹੈ।