ਟੋਨੀ ਸੰਧੂ ਨੇ ਅਮਰੀਕਾ ਚਮਕਾਇਆ ਪੰਜਾਬੀਆਂ ਦਾ ਨਾਂ, ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਜਿੱਤੇ 3 ਸੋਨ ਤਮਗੇ

ਏਜੰਸੀ

ਖ਼ਬਰਾਂ, ਖੇਡਾਂ

ਅਗਲੇ ਸਾਲ ਹੋਣ ਵਾਲੀਆਂ ਵਿਸ਼ਵ ਵੇਟਲਿਫ਼ਟਿੰਗ ਓਲੰਪਿਕ ਲਈ ਵੀ ਕੁਆਲੀਫ਼ਾਈ ਕੀਤੀ

Tony Sandhu

ਫਰਿਜ਼ਨੋ (ਅਮਰੀਕਾ) : ਅਮਰੀਕਾ ਦੇ ਲਾਸ ਵੇਗਾਸ ਵਿਚ ਹੋਈ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਪੰਜਾਬੀਆਂ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਨਾ ਸਿਰਫ ਪੰਜਾਬ ਸਗੋਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਆਈ.ਬੀ.ਐਫ. ਏਸ਼ੀਆ ਦੇ ਪ੍ਰਧਾਨ ਹਰਵਿੰਦਰ ਸਿੰਘ ਸਲੀਨਾ ਨੇ ਦਸਿਆ ਕਿ ਇਸ ਚੈਂਪੀਅਨਸ਼ਿਪ ’ਚ ਦੁਨੀਆਂ ਭਰ ਦੇ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਉਹ ਵੀ ਅਪਣੀ ਟੀਮ ਨਾਲ ਇਸ ਚੈਂਪੀਅਨਸ਼ਿਪ ’ਚ ਪਹੁੰਚੇ ਸਨ। ਇਸ ਚੈਂਪੀਅਨਸ਼ਿਪ ’ਚ ਪੰਜਾਬ ਦੇ ਅਬੋਹਰ ਦੇ ਵਸਨੀਕ ਅਮਨਪ੍ਰਕਾਸ਼ ਟੋਨੀ ਸੰਧੂ ਨੇ 90 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲਿਆਂ ’ਚ ਹਿੱਸਾ ਲਿਆ। ਇਸ ਪੰਜਾਬੀ ਅਥਲੀਟ ਨੇ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸ ਰਚਿਆ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦਸਿਆ ਕਿ ਇਸ ਜਿੱਤ ਨਾਲ ਪ੍ਰਕਾਸ਼ ਟੋਨੀ ਨੇ ਅਗਲੇ ਸਾਲ 2025 ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। 

ਹਰਵਿੰਦਰ ਸਿੰਘ ਸਲੀਨਾ ਨੇ ਕਿਹਾ ਕਿ ਖੇਡਾਂ ਮਨੁੱਖ ਲਈ ਬਹੁਤ ਮਹੱਤਵਪੂਰਨ ਹਨ ਅਤੇ ਖੇਡਾਂ ’ਚ ਪੰਜਾਬੀਆਂ ਦੀ ਇਕ ਵੱਖਰੀ ਪਛਾਣ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀਆਂ ਨੇ ਖੇਡਾਂ ਦੇ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਕਰ ਕੇ ਅਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਹੁਣ ਵੀ ਪੰਜਾਬ ਦੇ ਨੌਜੁਆਨ ਵੱਡੀ ਸਫਲਤਾ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ ਪੰਜਾਬ ਦੇ ਇਕ ਨੌਜੁਆਨ ਵਲੋਂ ਤਿੰਨ ਮੈਡਲ ਜਿੱਤਣਾ ਅਪਣੇ ਆਪ ’ਚ ਇਕ ਵੱਡੀ ਪ੍ਰਾਪਤੀ ਹੈ। ਟੋਨੀ ਸੰਧੂ ਦੀ ਇਹ ਪ੍ਰਾਪਤੀ ਹੋਰ ਨੌਜੁਆਨਾਂ ਨੂੰ ਵੀ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਹਰਵਿੰਦਰ ਸਿੰਘ ਸਲੀਨਾ ਨੇ ਐਲਾਨ ਕੀਤਾ ਕਿ ਟੋਨੀ ਸੰਧੂ ਨੂੰ ਵੀ ਪੰਜਾਬ ਪਹੁੰਚਣ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਸਲੀਨਾ ਟੀਮ ਦੇ ਕਈ ਖਿਡਾਰੀ ਪਹਿਲਾਂ ਹੀ ਵਿਸ਼ਵ ਪੱਧਰ ’ਤੇ ਸਫਲਤਾ ਹਾਸਲ ਕਰ ਚੁਕੇ ਹਨ। ਜਦੋਂ ਕੋਈ ਵੀ ਨੌਜੁਆਨ ਇੰਨੀ ਵੱਡੀ ਪ੍ਰਾਪਤੀ ਹਾਸਲ ਕਰਦਾ ਹੈ ਤਾਂ ਉਹ ਅਪਣੀ ਟੀਮ ’ਤੇ ਜ਼ਿਆਦਾ ਮਾਣ ਮਹਿਸੂਸ ਕਰਦਾ ਹੈ। ਹਰਵਿੰਦਰ ਸਿੰਘ ਸਲੀਨਾ ਨੇ ਪ੍ਰਕਾਸ਼ ਟੋਨੀ ਦੇ ਮਾਪਿਆਂ ਨੂੰ ਵੀ ਵਧਾਈ ਦਿਤੀ, ਜਿਨ੍ਹਾਂ ਨੇ ਅਪਣੇ ਬੱਚੇ ਦੀ ਸਫਲਤਾ ਲਈ ਚੰਗਾ ਮਾਹੌਲ ਪ੍ਰਦਾਨ ਕੀਤਾ।